ਪਾਕਿਸਤਾਨ ‘ਚ ਇੱਕ ਵਾਰ ਫਿਰ ਚੀਨੀ ਨਾਗਰਿਕ ਨਿਸ਼ਾਨੇ ‘ਤੇ, ਸ਼ਰੇਆਮ ਜਾਨਲੇਵਾ ਹਮਲਾ

TeamGlobalPunjab
2 Min Read

ਕਰਾਚੀ : ਪਾਕਿਸਤਾਨ ਵਿੱਚ ਇਕ ਵਾਰ ਫਿਰ ਚੀਨੀ ਨਾਗਰਿਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਕਰਾਚੀ ‘ਚ ਬੁੱਧਵਾਰ ਨੂੰ ਇਕ ਚੀਨੀ ਨਾਗਰਿਕ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਚੀਨੀ ਨਾਗਰਿਕ ਨੂੰ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਕਰਾਚੀ ਦੇ ਸਨਅਤੀ ਖੇਤਰ ਵਿੱਚ ਘੁੰਮ ਰਿਹਾ ਸੀ।

ਘਟਨਾ ਬਾਰੇ ਡਿਪਟੀ ਇੰਸਪੈਕਟਰ ਜਨਰਲ ਜਾਵੇਦ ਅਕਬਰ ਰਿਆਜ਼ ਨੇ ਕਿਹਾ, ‘ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਚਿਹਰੇ ਦੇ ਮਾਸਕ ਪਹਿਨੇ ਹੋਏ ਸਨ। ਰਿਆਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨੀ ਵਿਅਕਤੀ ਨੂੰ ਉਸਦੇ ਸਰੀਰ ਦੇ ਕਿਸੇ ਵੀ ਮਹੱਤਵਪੂਰਣ ਹਿੱਸੇ ਉੱਤੇ ਸੱਟ ਨਹੀਂ ਲੱਗੀ ਅਤੇ ਉਸ ਦੀ ਹਾਲਤ ਇਸ ਸਮੇਂ ਸਥਿਰ ਹੈ।

ਇਸ ਤੋਂ ਪਹਿਲਾਂ ਚੀਨੀ ਨਾਗਰਿਕਾਂ ‘ਤੇ ਹਮਲਾ ਅੱਜ ਤੋਂ ਠੀਕ ਦੋ ਹਫ਼ਤੇ ਪਹਿਲਾਂ 14 ਜੁਲਾਈ ਨੂੰ ਉੱਤਰ ਪੱਛਮੀ ਪਾਕਿਸਤਾਨ ਦੇ ਕੋਹਿਸਤਾਨ ‘ਚ ਹੋਇਆ ਸੀ। ਉਸ ਸਮੇਂ ਅੱਤਵਾਦੀਆਂ ਨੇ ਬੰਬ ਧਮਾਕਾ ਕੀਤਾ ਸੀ। ਧਮਾਕਾ ਉਸ ਸਮੇਂ ਕੀਤਾ ਗਿਆ ਸੀ ਜਦੋਂ ਚੀਨੀ ਨਾਗਰਿਕਾਂ ਦੀ ਬੱਸ ਇੱਥੇ ਜਾਰੀ ਡੈਮ ਪ੍ਰਾਜੈਕਟ ‘ਤੇ ਕੰਮ ਕਰਨ ਜਾ ਰਹੀ ਸੀ । ਇਸ ਧਮਾਕੇ ਵਿੱਚ 9 ਚੀਨੀ ਨਾਗਰਿਕਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ।

14 ਜੁਲਾਈ ਵਾਲੇ ਹਮਲੇ ਵਿੱਚ ਮਾਰੇ ਗਏ ਚੀਨੀ ਨਾਗਰਿਕ ਦਾਸੂ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਵਿਚ ਕੰਮ ਕਰ ਰਹੇ ਸਨ, ਜਿਸ ਨੂੰ ਚੀਨ ਦੁਆਰਾ ਖੈਬਰ ਪਖਤੂਨਖਵਾ ਸੂਬੇ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਪ੍ਰਾਜੈਕਟ ਦੇ ਹਿੱਸੇ ਵਜੋਂ ਬਣਾਇਆ ਜਾ ਰਿਹਾ ਹੈ। ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਅੱਜ ਦੇ ਤਾਜ਼ਾ ਹਮਲੇ ਦਾ ਸ਼ਿਕਾਰ ਚੀਨੀ ਨਾਗਰਿਕ ਸੀਪੀਈਸੀ ਪ੍ਰੋਜੈਕਟ ਵਿਚ ਸ਼ਾਮਲ ਸੀ ਜਾਂ ਨਹੀਂ।

- Advertisement -

Share this Article
Leave a comment