Home / News / ਫ਼ੋਕੇ ਐਲਾਨ ਕਰ ਰਹੇ ਹਨ ‘ਐਲਾਨ ਮੰਤਰੀ’ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ

ਫ਼ੋਕੇ ਐਲਾਨ ਕਰ ਰਹੇ ਹਨ ‘ਐਲਾਨ ਮੰਤਰੀ’ ਚਰਨਜੀਤ ਸਿੰਘ ਚੰਨੀ : ਭਗਵੰਤ ਮਾਨ

 ਸਿਰਫ਼ ਐਲਾਨਾਂ ਤੱਕ ਸੀਮਤ, ਜ਼ਮੀਨੀ ਹਕੀਕਤ ਨਾਲ ਨਹੀਂ ਕੋਈ ਮੇਲ: ‘ਭਗਵੰਤ ਮਾਨ

ਪੱਟੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਐਲਾਨ ਮੰਤਰੀ’ ਦੱਸਦੇ ਹੋਏ ਕਿਹਾ ਕਿ ਚੰਨੀ ਸਰਕਾਰ ਵੱਲੋਂ ਰੋਜ਼ਾਨਾ ਥੋਕ ’ਚ ਕੀਤੇ ਜਾ ਰਹੇ ਐਲਾਨਾਂ ’ਚੋਂ ਕੋਈ ਵੀ ਐਲਾਨ ਅਮਲ ਵਿੱਚ ਨਹੀਂ ਆ ਰਿਹਾ। ਮਾਨ ਮੁਤਾਬਕ ਨਾ ਰੇਤ ਸਸਤੀ ਹੋਈ ਅਤੇ ਨਾ ਹੀ ਕਿਸੇ ਮਾਫੀਆ ਨੂੰ ਨੱਥ ਪਾਈ ਜਾ ਸਕੀ, ਕਿਉਂਕਿ ਇਹ ਸਾਰੇ ਆਪਸ ’ਚ ਰਲ਼ੇ ਹੋਏ ਹਨ, ਇਸ ਕਰਕੇ ਚੰਨੀ ਦੇ ਇੱਕ ਪਾਸੇ ਰੇਤ ਤੇ ਟਰਾਂਸਪੋਰਟ ਮਾਫੀਆ ਅਤੇ ਦੂਜੇ ਪਾਸੇ ਸ਼ਰਾਬ ਤੇ ਬਿਜਲੀ ਮਾਫੀਆ ਬੈਠਦਾ ਹੈ।

 

ਵੀਰਵਾਰ ਨੂੰ ਮਾਝੇ ਦੀ ਧਰਤੀ ’ਤੇ ਪਹਿਲੀ ਚੋਣਾਵੀਂ ਰੈਲੀ ਵਜੋਂ ਕਰਵਾਏ ਪ੍ਰੋਗਰਾਮ ‘ਇੱਕ ਮੌਕਾ ਕੇਜਰੀਵਾਲ ਨੂੰ’ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, ‘‘ਪਿੱਛਲੇ ਦੋ ਤਿੰਨ ਮਹੀਨਿਆਂ ਤੋਂ ਪੰਜਾਬ ਵਿੱਚ ਨਵੇਂ ਐਲਾਨ ਮੰਤਰੀ ਘੁੰਮ ਰਹੇ ਹਨ। ਜੋ ਬਿਨ੍ਹਾਂ ਕਿਸੇ ਨੀਤੀ ਅਤੇ ਨੀਅਤ ਤੋਂ ਕੇਵਲ ਐਲਾਨ ਹੀ ਕਰਦੇ ਹਨ। ਪਹਿਲਾ ਇੱਕ ਮੋਦੀ ਜੀ ਤੋਂ ਖਹਿੜਾ ਨਹੀਂ ਛੁੱਟ ਰਿਹਾ, ਆਹ ਹੁਣ ਦੂਜੇ ਆ ਗਏ। ਕਰੋੜਾਂ ਦੀਆਂ ਜਾਇਦਾਦਾਂ ਬਣਾਉਣ ਵਾਲਾ ਕਹਿੰਦਾ ਮੈਂ ਆਮ ਆਦਮੀ ਹਾਂ।’’ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਬਾਰੇ ਇੱਕ ਕਵਿਤਾ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਐਲਾਨਾਂ ਵਿਚੋਂ ਕੁੱਝ ਵੀ ਨਹੀਂ ਨਿਕਲ ਰਿਹਾ ਕਿਉੁਕਿ ਨਾ ਹੀ ਰੇਤ ਸਸਤੀ ਹੋਈ, ਨਾ ਬਿਜਲੀ ਸਸਤੀ ਹੋਈ, ਨਾ ਟਰਾਂਸਪੋਰਟ ਮਾਫੀਆਂ ਬੰਦ ਹੋਇਆ ਅਤੇ ਨਾ ਹੀ ਨਸ਼ਾ ਮਾਫੀਆ ਜੇਲ੍ਹ ਗਿਆ।

ਪੱਟੀ ’ਚ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੈਪਟਨ ਰੂਪੀ ਅਲੀ ਬਾਬਾ ਬਦਲ ਤਾਂ ਬਦਲ ਲਿਆ, ਪਰ 40 ਚੋਰ ਪਹਿਲਾਂ ਵਾਲੇ ਅੱਜ ਵੀ ਸਰਕਾਰ ’ਚ ਹਨ। ਜਿਨ੍ਹਾਂ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਚੰਨੀ ਸਰਕਾਰ ’ਤੇ ਬਿਨ੍ਹਾਂ ਯੋਜਨਾਬੰਦੀ ਤੋਂ ਕੰਮ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫੋਟੋਆਂ ਖਿਚਵਾਉਣ ਤੇ ਲੋਕਾਂ ਨੂੰ ਦੱਸਣ ਲਈ ਕੁੱਝ ਬੱਸਾਂ ਫੜੀਆਂ ਸਨ, ਪਰ ਇਨਾਂ ਬੱਸਾਂ ਨੂੰ ਅਦਾਲਤ ਨੇ ਛੱਡਣ ਦੇ ਆਦੇਸ਼ ਦੇ ਦਿੱਤੇ। ਜਿਸ ਤੋਂ ਪਤਾ ਚੱਲਦਾ ਹੈ ਕਿ ਚੰਨੀ ਸਰਕਾਰ ਦੀ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਕਾਰਵਾਈ ਕਰਨ ਨੀਅਤ ਅਤੇ ਨੀਤੀ ਹੀ ਨਹੀਂ ਹੈ।

ਬਾਦਲ ਪਰਿਵਾਰ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਉਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੀ ਚੋਣ ਲਈ ਕਾਗਜ ਭਰੇ ਸਨ ਤਾਂ ਦੱਸਿਆ ਕਿ ਉਸ ਕੋਲ ਸਾਢੇ 24 ਕਿਲੋ ਸੋਨਾ ਹੈ। ਇਨ੍ਹਾਂ ਕਰੋੜਾਂ ਦੀਆਂ ਜ਼ਮੀਨਾਂ ਬਣਾਈਆਂ, ਸੁਖਵਿਲਾ ਹੋਟਲ ਬਣਾਏ। ਇਹ ਸਭ ਆਮ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀਆਂ ਦਵਾਈਆਂ, ਬੱਸਾਂ, ਰੇਤਾਂ ਖਾ ਕੇ ਬਣਾਏ ਗਏ ਹਨ। ਉਨ੍ਹਾਂ ਐਲਾਨ ਕੀਤਾ ਇਸ ਲੁੱਟ ਖਸੁੱਟ ਦਾ ਹਿਸਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜ਼ਰੂਰ ਲਿਆ ਜਾਵੇਗਾ। ਮਾਨ ਨੇ ਬਾਦਲਾਂ ਦੀ ਸਰਕਾਰ ਵੇਲੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਨ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਕਰਵਾਈ। ਦੂਜੇ (ਕੈਪਟਨ) ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁੜ ਬੇਅਬਦੀ ਕੀਤੀ। ਹੁਣ ਦੋਵੇਂ ਕਿੱਥੇ ਹਨ?’’

‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੇ ਦੇਸ਼ ਦੀ ਸੱਤਾ ’ਤੇ ਕਾਬਜ ਰਹੇ ਬਾਦਲਾਂ, ਭਾਜਪਾ, ਕੈਪਟਨ, ਕਾਂਗਰਸੀਆਂ ਅਤੇ ਚੰਨੀ ਐਂਡ ਪਾਰਟੀ ਨੇ ਗੋਰੇ ਅੰਗਰੇਜ਼ਾਂ ਨੂੰ ਵੀ ਮਾਤ ਦੇ ਦਿੱਤੀ ਹੈ ਕਿਉਂਕਿ ਗੋਰੇ ਅੰਗਰੇਜ਼ 200 ਸਾਲਾਂ ਵਿੱਚ ਵੀ ਦੇਸ਼ ਨੂੰ ਓਨਾਂ ਨਹੀਂ ਲੁੱਟ ਸਕੇ, ਜਿਨਾਂ ਇਹ ਸੱਤਾਧਾਰੀ ਇੱਕ ਸਾਲ ਵਿੱਚ ਲੁੱਟ ਲੈਂਦੇ ਹਨ। ਲੀਡਰ ਅਮੀਰ ਹੋ ਰਹੇ ਹਨ, ਪਰ ਲੋਕ ਗਰੀਬ ਹੋ ਰਹੇ ਹਨ। ਮਾਨ ਨੇ ਕਿਹਾ ਕਿ ਪੰਜਾਬੀ ਦੂਜੇ ਮੁਲਕਾਂ ਵਿੱਚ ਜਾ ਕੇ ਕਾਮਯਾਬ ਹੋ ਰਹੇ ਹਨ ਕਿਉਂਕਿ ਦੂਜੇ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਦੀ ਤਰੱਕੀ ਵਿੱਚ ਸਹਿਯੋਗ ਕਰਦੀਆਂ ਹਨ। ਪਰ ਪੰਜਾਬ ਦੀਆਂ ਸਰਕਾਰਾਂ ਲੋਕਾਂ ਨੂੰ ਲੁੱਟ ਤੇ ਕੁੱਟ ਰਹੀਆਂ ਹਨ। ਇਸ ਲਈ ਪੰਜਾਬ ਦੇ ਨੌਜਵਾਨ ਆਈਲੈਟਸ ਕਰਕੇ ਕੈਨੇਡਾ, ਅਮਰੀਕਾ , ਆਸਟਰੇਲੀਆਂ ਨੂੰ ਜਾ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਹੰਕਾਰ ਕਾਰਨ ਦੇਸ਼ ਦੇ 700 ਕਿਸਾਨਾਂ ਦੀ ਜਾਨਾਂ ਗਈਆਂ ਹਨ ਕਿਉਂਕਿ ਜੇ ਸਮੇਂ ਸਿਰ ਕਾਲੇ ਖੇਤੀ ਕਾਨੂੰਨ ਵਾਪਸ ਕੀਤੇ ਜਾਂਦੇ ਤਾਂ ਕਿਸਾਨਾਂ ਦੀਆਂ ਸ਼ਹੀਦੀਆਂ ਨਾ ਹੁੰਦੀਆਂ। ਉਨ੍ਹਾਂ ਕਿਹਾ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਇਜਲਾਸ ਵਿੱਚ ਉਹ (ਭਗਵੰਤ ਮਾਨ) ਕਿਸਾਨਾਂ ਦੀਆਂ ਆਵਾਜ਼ ਬੁਲੰਦ ਕਰਨਗੇ ਅਤੇ ਫ਼ਸਲਾਂ ’ਤੇ ਐਮ.ਐਸ.ਪੀ ਦੀ ਗਰੰਟੀ ਬਿਲ ਪਾਸ ਕਰਨ, ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਭਾਜਪਾ ਮੰਤਰੀ ਤੇ ਆਗੂਆਂ ਵੱਲੋਂ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ ਦੀ ਗੱਲ ਰੱਖਣਗੇ।

ਭਗਵੰਤ ਮਾਨ ਨੇ ਮਾਝੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ’ਚ ਉਡਦਾ ਹੈਲੀਕਾਪਟਰ ਧਰਤੀ ’ਤੇ ਉਤਾਰਨ ਲਈ ਇੱਕ ਮਾਰ ਝਾੜੂ ਵਾਲਾ ਬਟਨ ਜ਼ਰੂਰ ਦੱਬਣ, ਤਾਂ ਜੋ ਪੰਜਾਬ ਨੂੰ ਮੁੱੜ ਅਸਲ ਪੰਜਾਬ ਬਣਾਇਆ ਜਾ ਸਕੇ।

 ਇਸ ਤੋਂ ਪਹਿਲਾ ਵਿਧਾਨ ਸਭਾ ਹਲਕਾ ਪੱਟੀ ਦੇ ਇੰਚਾਰਜ ਲਾਲਜੀਤ ਸਿੰਘ ਭੁੱਲਰ ਨੇ ਭਗਵੰਤ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਨੇ ਮਾਝੇ ਦੇ ਪੱਟੀ ਹਲਕੇ ਤੋਂ ਪੰਜਾਬ ਚੋਣਾ ਦਾ ਬਿਗਲ ਵਜਾ ਕੇ ਮਾਝੇ ਦੀ ਧਰਤੀ ਨੂੰ ਮਾਣ ਦਿੱਤਾ ਹੈ ਅਤੇ ਪੱਟੀ ਦੇ ਲੋਕ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਅਤੇ ਅਕਾਲੀ ਦਲ ਬਾਦਲ ਦੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਨੂੰ ਹਰਾਉਣ ਲਈ ਬਹੁਤ ਉਤਾਵਲੇ ਹਨ।

Check Also

ਪਾਕਿਸਤਾਨ ਕੋਲ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਫੰਡ ਨਹੀਂ, ਕੁਝ ਕਰਮਚਾਰੀਆਂ ਨੇ ਛੱਡੀ ਨੌਕਰੀ

ਵਾਸ਼ਿੰਗਟਨ : ਆਰਥਿਕ ਤੌਰ’ ਤੇ ਖ਼ਸਤਾਹਾਲ ਪਾਕਿਸਤਾਨ ਦਾ ਹਾਲ ਇਹ ਹੈ ਕਿ ਉਸ ਦੇ ਵਾਸ਼ਿੰਗਟਨ …

Leave a Reply

Your email address will not be published. Required fields are marked *