ਚੀਨ : ਰਾਜਧਾਨੀ ਬੀਜਿੰਗ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਸੰਕਰਮਣ ਦੇ 158 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਬੀਜਿੰਗ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਵੁਹਾਨ ਤੋਂ ਬਾਅਦ ਹੁਣ ਰਾਜਧਾਨੀ ਬੀਜਿੰਗ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਰਾਜਧਾਨੀ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਚੀਨੀ ਸਰਕਾਰ ਦੀ ਨੀਂਦ ਉੱਡ ਗਈ ਹੈ। ਇਕ ਚੋਟੀ ਦੇ ਸੰਕਰਮਣ ਮਾਹਿਰ ਨੇ ਵੀਰਵਾਰ ਨੂੰ ਕਿਹਾ ਕਿ ਬੀਜਿੰਗ ਵਿਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ ਪਿਛਲੇ ਸੱਤ ਦਿਨਾਂ ਅੰਦਰ ਕੋਰੋਨਾ ਦੇ 158 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਦੱਖਣ ਪੱਛਮੀ ਫੇਂਗਤਾਈ ਜ਼ਿਲੇ ਦੀ ਇੱਕ ਖੁਰਾਕ ਮਾਰਕੀਟ ਨਾਲ ਸਬੰਧਤ ਹਨ।

ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਕੇਂਦਰ ਦੇ ਨਿਰਦੇਸ਼ਕ ਗਾਓ ਫੂ ਨੇ ਕਿਹਾ ਕਿ ਇਹ ਪ੍ਰਕੋਪ ਸ਼ਾਇਦ ਜੂਨ ਦੇ ਸ਼ੁਰੂ ਜਾਂ ਮਈ ਦੇ ਅਖੀਰ ਵਿੱਚ ਨਹੀਂ ਹੋਇਆ, ਸ਼ਾਇਦ ਇੱਕ ਮਹੀਨਾ ਪਹਿਲਾਂ ਹੀ ਇਹ ਪ੍ਰਕੋਪ ਸ਼ੁਰੂ ਹੋ ਗਿਆ ਸੀ। 21 ਮਿਲੀਅਨ ਆਬਾਦੀ ਵਾਲੇ ਬੀਜਿੰਗ ‘ਚ ਪਿਛਲੇ ਇੱਕ ਹਫਤੇ ਤੋਂ ਬਾਅਦ ਹੌਲੀ-ਹੌਲੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਅਜਿਹੇ ‘ਚ ਇੱਥੇ ਸ਼ਿਨਫਾਡੀ ਮਾਰਕੀਟ ਤੋਂ ਕਲੱਸਟਰ ਸੰਕਰਮਣ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਮਾਮਲਾ ਚੀਨ ਦੇ ਵੁਹਾਨ ਸ਼ਹਿਰ ‘ਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਕੋਰੋਨਾ ਨੇ ਚੀਨ ‘ਚ ਦਸਤਕ ਦਿੱਤੀ ਹੈ। ਚੀਨ ‘ਚ ਹੁਣ ਤੱਕ ਕੋਰੋਨਾ ਦੇ 83 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 4634 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦੋਂ ਕਿ 78 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 85 ਲੱਖ ਤੋਂ ਪਾਰ ਚਲਾ ਗਿਆ ਹੈ ਅਤੇ 4 ਲੱਖ 56 ਹਜ਼ਾਰ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

Share this Article
Leave a comment