ਨਿਊਜ਼ ਡੈਸਕ: ਚੀਨ ਦਹਾਕਿਆਂ ਤੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ, ਪਰ ਹੁਣ ਇਸ ਦੀ ਆਬਾਦੀ ਵਿੱਚ ਲਗਾਤਾਰ ਦੂਜੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਕਮਜ਼ੋਰ ਆਰਥਿਕ ਵਿਕਾਸ ਦੇ ਸੰਕਟ ਦਾ ਸਾਹਮਣਾ ਕਰ ਰਹੇ ਚੀਨ ਲਈ ਇਹ ਸਥਿਤੀ ਚੁਣੌਤੀਪੂਰਨ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਆਉਣ ਵਾਲੇ ਸਾਲਾਂ ‘ਚ ਚੀਨ ਦੀ ਨੌਜਵਾਨਾਂ ਦੀ ਆਬਾਦੀ ਤੇਜ਼ੀ ਨਾਲ ਘਟੇਗੀ ਅਤੇ ਅਰਥਵਿਵਸਥਾ ‘ਤੇ ਬੋਝ ਵਧੇਗਾ। ਕੰਮ ਕਰਨ ਦੇ ਇੱਛੁਕ ਨੌਜਵਾਨਾਂ ਦੀ ਗਿਣਤੀ ਘਟੇਗੀ, ਜਦਕਿ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ। ਅਜਿਹੇ ‘ਚ ਚੀਨ ਲਈ ਆਪਣੇ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਆਸਾਨ ਨਹੀਂ ਹੋਵੇਗਾ। ਚੀਨ ਨੇ ਲੰਬੇ ਸਮੇਂ ਤੋਂ ਵਨ ਚਾਈਲਡ ਦੀ ਨੀਤੀ ਅਪਣਾਈ ਹੋਈ ਸੀ। ਜਿਸ ਕਾਰਨ ਇਹ ਗਿਰਾਵਟ ਦਰਜ ਕੀਤੀ ਗਈ ਹੈ।
ਹਾਲ ਹੀ ‘ਚ ਚੀਨ ਨੇ ਵਨ ਚਾਈਲਡ ਪਾਲਿਸੀ ਨੂੰ ਵਾਪਸ ਲੈ ਲਿਆ ਸੀ ਪਰ ਹੁਣ ਵੀ ਵਧਦੀ ਮਹਿੰਗਾਈ ਸਣੇ ਕਈ ਕਾਰਨਾਂ ਕਰਕੇ ਲੋਕ ਜ਼ਿਆਦਾ ਬੱਚੇ ਪੈਦਾ ਕਰਨ ‘ਚ ਦਿਲਚਸਪੀ ਨਹੀਂ ਲੈ ਰਹੇ ਹਨ। ਸਥਿਤੀ ਇਹ ਹੈ ਕਿ ਚੀਨ ਸਰਕਾਰ ਹੁਣ ਇੱਕ ਤੋਂ ਵੱਧ ਬੱਚੇ ਪੈਦਾ ਕਰਨ ‘ਤੇ ਸਬਸਿਡੀ ਦੇ ਰਹੀ ਹੈ ਅਤੇ ਇਸ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਅੰਕੜਿਆਂ ਅਨੁਸਾਰ, ‘2023 ਦੇ ਅੰਤ ‘ਚ ਦੇਸ਼ ਦੀ ਆਬਾਦੀ 1 ਅਰਬ 40 ਕਰੋੜ ਸੀ। ਇਹ 2022 ਦੇ ਆਖਰੀ ਦੌਰ ਨਾਲੋਂ 2 ਮਿਲੀਅਨ ਘੱਟ ਹੈ। ਚੀਨ ਵਿੱਚ 2023 ਵਿੱਚ ਆਬਾਦੀ ਵਿੱਚ ਗਿਰਾਵਟ 2022 ਦੇ ਮੁਕਾਬਲੇ ਦੁੱਗਣੀ ਹੈ। 1960 ਤੋਂ ਬਾਅਦ ਪਹਿਲੀ ਵਾਰ 2022 ਵਿੱਚ ਦੇਸ਼ ਦੀ ਆਬਾਦੀ ਵਿੱਚ ਗਿਰਾਵਟ ਆਈ ਹੈ। ਉਸ ਸਮੇਂ ਦੇਸ਼ ਦੀ ਆਬਾਦੀ 8 ਲੱਖ 50 ਹਜ਼ਾਰ ਘਟੀ ਸੀ।
ਜਨਮ ਦਰ ‘ਚ ਗਿਰਾਵਟ ਅਤੇ ਕੋਰੋਨਾ ਵਰਗੀ ਮਹਾਮਾਰੀ ਦਾ ਸਿੱਧਾ ਅਸਰ ਚੀਨ ਦੀ ਆਬਾਦੀ ‘ਤੇ ਦਿਖਾਈ ਦੇ ਰਿਹਾ ਹੈ। ਪਿਛਲੇ ਸਾਲ ਚੀਨ ਵਿੱਚ 9.02 ਮਿਲੀਅਨ ਬੱਚੇ ਪੈਦਾ ਹੋਏ ਸਨ, ਜਦੋਂ ਕਿ 2022 ਵਿੱਚ ਇਹ ਅੰਕੜਾ 9.56 ਮਿਲੀਅਨ ਸੀ। ਚੀਨ ਨੇ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ 1980 ਦੇ ਦਹਾਕੇ ਵਿੱਚ ਇੱਕ ਬੱਚਾ ਨੀਤੀ ਲਾਗੂ ਕੀਤੀ ਸੀ। ਫਿਰ 2016 ਵਿੱਚ ਇਸ ਵਿੱਚ ਢਿੱਲ ਦਿੱਤੀ ਗਈ ਅਤੇ 2021 ਵਿੱਚ ਤਿੰਨ ਬੱਚਿਆਂ ਵਾਲੇ ਜੋੜਿਆਂ ਨੂੰ ਕੁਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਗਿਆ। ਫਿਰ ਵੀ ਲੋਕ ਜ਼ਿਆਦਾ ਬੱਚੇ ਪੈਦਾ ਕਰਨ ਤੋਂ ਬਚ ਰਹੇ ਹਨ।