ਨਿਊਯਾਰਕ: ਅਮਰੀਕਾ ਦੇ ਹਸਪਤਾਲਾਂ ‘ਚ ਆਰ.ਐਸ.ਵੀ. ਵਾਇਰਸ ਨਾਲ ਪੀੜਤ ਬੱਚਿਆਂ ਦੀ ਗਿਣਤੀ ਪੂਰੇ ਦੇਸ਼ ਵਿੱਚ ਵਧਦੀ ਜਾ ਰਹੀ ਹੈ। ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਮੁਤਾਬਕ ਰੈਸਪੀਰੇਟਰੀ ਸਿਨਸੀਸ਼ਿਅਲ ਵਾਇਰਸ (Respiratory syncytial virus) ਛੋਟੇ ਬੱਚਿਆਂ ‘ਤੇ ਸਭ ਤੋਂ ਵੱਧ ਹਾਵੀ ਹੁੰਦਾ ਹੈ ਅਤੇ ਆਮ ਖੰਘ-ਜ਼ੁਕਾਮ ਬਹੁਤ ਜਲਦ ਨਿਮੋਨੀਆ ‘ਚ ਤਬਦੀਲ ਹੋ ਜਾਂਦਾ ਹੈ। ਉਥੇ ਹੀ ਕੈਨੇਡਾ ‘ਚ ਵੀ ਹਾਲਾਤ ਕੁਝ ਠੀਕ ਨਹੀਂ ਨਹੀਂ ਮੰਨੇ ਜਾ ਸਕਦੇ ਅਤੇ ਪਬਲਿਕ ਹੈਲਥ ਏਜੰਸੀ ਨੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਸੰਕੇਤ ਦਿੱਤੇ ਹਨ।
ਰੈਸਪੀਰੇਟਰੀ ਸਿਨਸੀਸ਼ਿਅਲ ਵਾਇਰਸ ਦੇ ਮੁਢਲੇ ਲੱਛਣਾਂ ‘ਚ ਵਗਦਾ ਨੱਕ, ਛਿੱਕਾਂ, ਖੰਘ ਅਤੇ ਜ਼ੁਕਾਮ ਹੁੰਦੇ ਹਨ ਪਰ ਇਹ ਲੱਛਣ ਕਿਸੇ ਵੀ ਵੇਲੇ ਗੰਭੀਰ ਰੂਪ ਲੈ ਸਕਦੇ ਹਨ। ਸਾਹ ਦੀਆਂ ਬਿਮਾਰੀਆਂ ਤੋਂ ਪੀੜਤ 6 ਮਹੀਨੇ ਤੋਂ ਛੋਟੇ ਬੱਚਿਆਂ ‘ਤੇ ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ। ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਨੈਕਟੀਕਟ ਦੇ ਚਿਲਡ੍ਰਨਜ਼ ਮੈਡੀਕਲ ਸੈਂਟਰ ‘ਚ ਮਰੀਜ਼ਾਂ ਦੀ ਸਮਰੱਥਾ ਵਧਾਉਣ ਲਈ ਨੈਸ਼ਨਲ ਗਾਰਡਜ਼ ਨੂੰ ਸੱਦਣਾ ਪਿਆ।
ਹਸਪਤਾਲ ਦੇ ਚੀਫ਼ ਫ਼ਿਜ਼ੀਸ਼ੀਅਨ ਡਾ. ਜੁਆਨ ਸਾਲਾਜ਼ਾਰ ਨੇ ਦੱਸਿਆ ਕਿ ਉਹ ਪਿਛਲੇ 25 ਸਾਲ ਤੋਂ ਬੱਚਿਆਂ ਦਾ ਇਲਾਜ ਕਰ ਰਹੇ ਹਨ ਪਰ ਐਨੇ ਮਰੀਜ਼ ਕਦੇ ਨਹੀਂ ਦੇਖੇ। ਕੈਨੇਡਾ ਦਾ ਜ਼ਿਕਰ ਕੀਤਾ ਜਾਵੇ ਤਾਂ 2019-20 ਦੌਰਾਨ 18 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆਏ ਪਰ 2020-21 ‘ਚ ਲਾਕਡਾਊਨ ਕਾਰਨ ਇਹ ਅੰਕੜਾ ਸਿਰਫ਼ 239 ਰਹਿ ਗਿਆ। ਕਿਊਬੈਕ ‘ਚ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਪੀੜਤ ਬੱਚੇ ਦੱਸੇ ਜਾ ਰਹੇ ਹਨ। ਓਟਵਾ ਦੇ ਈਸਟਨ ਓਨਟਾਰੀਓ ਹਸਪਤਾਲ ‘ਚ ਅਗਸਤ ਦੇ ਮੁਕਾਬਲੇ ਇਸ ਵੇਲੇ ਦੁੱਗਣੇ ਬੱਚਿਆਂ ਦੇ ਟੈਸਟ ਕੀਤੇ ਜਾ ਰਹੇ ਹਨ। ਬੱਚਿਆਂ ਦੇ ਇਸ ਹਸਪਤਾਲ ਦੇ ਇਤਿਹਾਸ ‘ਚ ਪਹਿਲੀ ਵਾਰ ਅਪ੍ਰੈਲ ਤੋਂ ਸਤੰਬਰ ਵਿਚਾਲੇ ਐਮਰਜੰਸੀ ਵਿਭਾਗ ਰੁਝੇਵਿਆਂ ‘ਚ ਹੀ ਰਿਹਾ। ਪ੍ਰੇਸ਼ਾਨੀ ਦੀ ਗੱਲ ਹੈ ਕਿ ਆਰ.ਐਸ.ਵੀ. ਦੇ ਇਲਾਜ ਲਈ ਕੋਈ ਦਵਾਈ ਨਹੀਂ ਅਤੇ ਜ਼ਿਆਦਾਤਰ ਮਾਮਲਿਆਂ ‘ਚ ਡਾਕਟਰ ਕੋਲ ਜਾਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਇਕ ਦੋ ਹਫਤੇ ਵਿਚ ਬੱਚਾ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਕਈ ਮਾਮਲਿਆਂ ਵਿਚ ਬੱਚੇ ਬੇਹੱਦ ਗੰਭੀਰ ਹੋ ਜਾਂਦੇ ਹਨ ਅਤੇ ਹਸਪਤਾਲ ਤੋਂ ਸਿਵਾਏ ਕੋਈ ਰਾਹ ਨਹੀਂ ਬਾਕੀ ਨਹੀਂ ਰਹਿੰਦਾ।