ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹਜੇ ਤੈਅ ਨਹੀਂ ਕੀਤਾ। ਦਰਅਸਲ ਸੋਨੂੰ ਸੂਦ ਦਾ ਇੱਕ ਵੀਡੀਓ ਆਉਣ ਤੋਂ ਬਾਅਦ ਇਹ ਸਵਾਲ ਉੱਠ ਰਹੇ ਹਨ ਕਿ ਮੌਜੂਦਾ ਸੀਐੱਮ ਚਰਨਜੀਤ ਸਿੰਘ ਚੰਨੀ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚਿਹਰਾ ਹੋਣਗੇ? ਦਰਅਸਲ ਇਹ ਸਵਾਲ ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਜਾਰੀ ਇੱਕ ਵੀਡੀਓ ਤੋਂ ਬਾਅਦ ਉੱਠਣੇ ਸ਼ੁਰੂ ਹੋ ਗਏ ਹਨ। ਇਸ ਵੀਡੀਓ ‘ਚ ਅਭਿਨੇਤਾ ਸੋਨੂੰ ਸੂਦ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਨਿਮਰ ਸੁਭਾਅ ਵਾਲੇ ਵਿਅਕਤੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।
ਕਾਂਗਰਸ ਦੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੀ ਗਈ ਇਹ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਸੋਨੂੰ ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਜਾਂ ਅਸਲੀ ਰਾਜਾ ਉਹ ਹੈ, ਜਿਸ ਨੂੰ ਜ਼ਬਰਦਸਤੀ ਕੁਰਸੀ ‘ਤੇ ਬਿਠਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਅਤੇ ਤੁਸੀਂ ਹੀ ਬਦਲਾਅ ਲਿਆ ਸਕਦੇ ਹੋ। ਸੋਨੂੰ ਸੂਦ ਦੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਹੀ ਸੀਐਮ ਚੰਨੀ ਦੇ ਵਿਜ਼ੂਅਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਬੈਕਗਰਾਊਂਡ ਮਿਊਜ਼ਿਕ ਵੱਜਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਹੀ ਦਾਅਵੇਦਾਰ ਹਨ।
बोल रहा पंजाब, अब पंजे के साथ- मजबूत करेंगे हर हाथ। pic.twitter.com/qQOZpnKItd
— Congress (@INCIndia) January 17, 2022
ਇਸ ਟਵੀਟ ‘ਚ ਵੀਡੀਓ ਪੋਸਟ ਕਰਦੇ ਹੋਏ ਕਾਂਗਰਸ ਦੀ ਤਰਫੋਂ ਲਿਖਿਆ ਗਿਆ ਕਿ ‘ਬੋਲ ਰਿਹਾ ਹੈ ਪੰਜਾਬ, ਹੁਣ ਪੰਜੇ ਨਾਲ – ਮਜ਼ਬੂਤ ਕਰਾਂਗੇ ਹਰ ਹੱਥ’। ਹਾਲਾਂਕਿ ਕਾਂਗਰਸ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਗਿਆ ਹੈ।
ਪਿਛਲੇ ਹਫ਼ਤੇ ਤੱਕ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਅਹੁਦੇ ਲਈ ਚੁਣ ਸਕਦੀ ਹੈ। ਪਰ ਇਸ ਵੀਡੀਓ ‘ਚ ਸਿੱਧੂ ਦੀ ਗੈਰ-ਮੌਜੂਦਗੀ ਕਾਰਨ ਇਹ ਮੁਸ਼ਕਿਲ ਲੱਗ ਰਹੀ ਹੈ।
ਪਾਰਟੀ ਦੇ ਅੰਦਰੂਨੀ ਸਰਵੇਖਣ ‘ਚ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ‘ਚ ਸੀਐੱਮ ਚੰਨੀ ਦਾ ਕੱਦ ਵਧਿਆ ਹੈ, ਜਦਕਿ ਸਿੱਧੂ ਨੇ ਜਵਾਬ ਦੇਣ ‘ਚ ਦੇਰੀ ਕੀਤੀ। ਪੰਜਾਬ ਨੂੰ ਆਪਣਾ ਪਹਿਲਾ ਦਲਿਤ ਮੁੱਖ ਮੰਤਰੀ 47 ਸਾਲਾ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਮਿਲਿਆ। ਇਸ ਰਾਹੀਂ ਕਾਂਗਰਸ ਨੇ ਪੰਜਾਬ ਦੀ 33 ਫੀਸਦੀ ਦਲਿਤ ਆਬਾਦੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।