ਮਾਰਚ ਮਹੀਨੇ ਦੇ ਪਹਿਲੇ ਦਿਨ ਲੱਗੇ ਬਿਜਲੀ ਕੱਟ ਦੀਆਂ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

Rajneet Kaur
3 Min Read

ਪਟਿਆਲਾ: ਮਾਰਚ ਦੇ ਪਹਿਲੇ ਦਿਨ ਬਿਜਲੀ ਬੰਦ ਸਬੰਧੀ ਹੁਣ ਤੱਕ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਬਿਜਲੀ ਦੀ ਮੰਗ ਜਿਥੇ ਸੱਤ ਹਜ਼ਾਰ ਮੈਗਾਵਾਟ ਤੋਂ ਪਾਰ ਜਾ ਰਹੀ ਹੈ, ਉਥੇ ਹੀ ਬੁੱਧਵਾਰ ਨੂੰ ਪੀਐੱਸਪੀਸੀਐੱਲ ਕਰੀਬ 6100 ਮੈਗਾਵਾਟ ਬਿਜਲੀ ਸਪਲਾਈ ਕਰਨ ਵਿਚ ਸਫਲ ਰਿਹਾ ਹੈ। ਇਸੇ ਦੌਰਾਨ ਹੀ ਬੁੱਧਵਾਰ ਸ਼ਾਮ ਤਕ 30 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜੋ ਕਿ ਇਸ ਸਾਲ ਦੀਆਂ ਸਭ ਤੋਂ ਵੱਧ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਐੱਸਪੀਸੀਐੱਲ ਕੋਲ ਬੁੱਧਵਾਰ ਸ਼ਾਮ ਸਾਢੇ ਪੰਜ ਵਜੇ ਤੱਕ ਪੰਜਾਬ ਭਰ ਤੋਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 2571 ਸ਼ਿਕਾਇਤਾਂ ਜ਼ੀਰਕਪੁਰ ਤੋਂ ਹਨ ਜਦੋਂਕਿ ਸਭ ਤੋਂ ਵੱਧ ਬਾਦਲ ਤੋਂ ਸਿਰਫ ਸੱਤ ਸ਼ਿਕਾਇਤਾਂ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 25 ਫਰਵਰੀ ਨੂੰ 16 ਹਜ਼ਾਰ ਤੋਂ ਵੱਧ, 26 ਫਰਵਰੀ 13 ਹਜ਼ਾਰ ਤੋਂ ਵੱਧ, 27 ਫਰਵਰੀ 15 ਹਜ਼ਾਰ ਤੋਂ ਵੱਧ, 28 ਫਰਵਰੀ 16 ਹਜ਼ਾਰ ਤੋਂ ਵੱਧ ਅਤੇ ਇਕ ਮਾਰਚ ਨੂੰ ਬਾਅਦ ਦੁਪਹਿਰ ਤੱਕ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਤੇ ਹੋਰ ਆਉਣ ਦਾ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ ਸੂਬੇ ਵਿਚ 11 ਫੀਡਰਾਂ ਤੋਂ ਦੋ ਘੰਟੇ ਲਈ, 7 ਫੀਡਰ ਦੋ ਤੋਂ ਚਾਰ ਘੰਟੇ ਲਈ, 9 ਫੀਡਰਾਂ ਤੋਂ ਚਾਰ ਤੋਂ ਛੇ ਘੰਟੇ ਲਈ ਅਤੇ 3 ਫੀਡਰਾਂ ਤੋਂ ਛੇ ਘੰਟੇ ਤੋਂ ਵੱਧ ਬਿਜਲੀ ਬੰਦ ਰਹੀ ਹੈ। ਬਿਜਲੀ ਕੱਟਾਂ ਤੋਂ ਪਰੇਸ਼ਾਨ ਖਪਤਕਾਰਾਂ ਨੇ ਪੀਐੱਸਪੀਸੀਐੱਲ ਕੋਲ ਟੈਲੀਫੋਨ ਰਾਹੀਂ 13962, ਦਫ਼ਤਰ ਵਿਚ 8, ਐੱਸਐੱਮਐੱਸ ਰਾਹੀਂ 373, ਮੋਬਾਈਲ ਐਪ ਰਾਹੀਂ 7983 ਤੇ ਮਿਸ ਕਾਲ ਰਾਹੀਂ 1040 ਸ਼ਿਕਾਇਤਾਂ ਕੀਤੀਆਂ ਹਨ।

ਪੀਐੱਸਪੀਸੀਐੱਲ ਵੱਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ 11ਕੇਵੀ 82 ਫੀਡਰਾਂ ਤੋਂ ਇਕ ਤੋਂ ਅੱਠ ਘੰਟੇ ਤੱਕ ਬਿਜਲੀ ਪ੍ਰਭਾਵਿਤ ਰਹੀ ਹੈ। ਪੀਐੱਸਪੀਸੀਐੱਲ ਅਨੁਸਾਰ ਇਨ੍ਹਾਂ ਕੱਟਾਂ ਦਾ ਕਾਰਨ ਫੀਡਰਾਂ ਦੀ ਤਕਨੀਕੀ ਨੁਕਸ ਜਾਂ ਜ਼ਰੂਰੀ ਮੁਰੰਮਤ ਦੱਸਿਆ ਗਿਆ ਹੈ। ਜਾਰੀ ਸੂਚੀ ਅਨੁਸਾਰ ਅਬੋਹਰ ਦੇ ਚਾਰ ਫੀਡਰਾਂ ’ਤੇ ਸਵੇਰੇ ਛੇ ਤੋਂ ਸੱਤ ਘੰਟੇ, ਲੁਧਿਆਣਾ ਦੇ 31 ਫੀਡਰਾਂ ਤੋਂ ਇਕ ਤੋਂ ਪੰਜ ਘੰਟੇ, ਬਲਾਚੌਰ ਦੇ ਛੇ ਫੀਡਰਾਂ ਤੋਂ ਕਰੀਬ ਤਿੰਨ ਘੰਟੇ, ਜ਼ੀਰਕਪੁਰ ਦੇ 20 ਫੀਡਰਾਂ ਤੋਂ ਅੱਠ ਘੰਟੇ, ਫਰੀਦਕੋਟ ਦੇ ਕਈ ਇਲਾਕਿਆਂ ਵਿਚ ਦੋ ਘੰਟੇ, ਹੁਸ਼ਿਆਰਪੁਰ ’ਚ ਸੱਤ, ਮੋਗਾ ਵਿਚ ਅੱਠ ਘੰਟੇ ਬਿਜਲੀ ਪ੍ਰਭਾਵਿਤ ਦੱਸੀ ਗਈ ਹੈ।

ਓਪਨ ਐਕਸਚੇਂਜ ਵਿਚ ਬਿਜਲੀ ਦਾ ਮੁੱਲ ਵਧਣ ਲੱਗਿਆ ਹੈ। ਬੁੱਧਵਾਰ ਨੂੰ ਬਿਜਲੀ ਦਾ ਮੁੱਲ ਹੋਰਨਾਂ ਦਿਨਾਂ ਨਾਲੋਂ ਵੱਧ ਦੇਖਣ ਨੂੰ ਮਿਲਿਆ ਹੈ ਜੋ ਕਿ ਔਸਤਨ 12 ਰੁਪ੍ਰਏ ਪ੍ਰਤੀ ਯੂਨਿਟ ਤੱਕ ਰਿਹਾ ਹੈ। ਪੀਐੱਸਪੀਸੀਐੱਲ ਨੇ ਆਨਲਾਈਨ 15-15 ਮਿੰਟ ਲਈ ਖੁੱਲ੍ਹਣ ਵਾਲੇ 96 ਸਲਾਟ ਵਿਚੋਂ ਘੱਟੋ-ਘੱਟ ਮੁੱਲ ’ਤੇ ਬਿਜਲੀ ਖ਼ਰੀਦੀ ਹੈ। ਪੀਐੱਸਪੀਸੀਐੱਲ ਨੇ 8.72 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 7.44 ਕਰੋੜ ਦੀ ਬਿਜਲੀ ਖਰੀਦੀ। ਪੀਐੱਸਪੀਸੀਐੱਲ ਨੇ ਬੁੱਧਵਾਰ ਸ਼ਾਮ ਛੇ ਵਜੇ ਤੱਕ ਸਰਕਾਰੀ ਥਰਮਲਾਂ ਤੋਂ 1194, ਹਾਈਡ੍ਰੋ ਤੋਂ 480, ਪ੍ਰਾਈਵੇਟ 3066 ਅਤੇ ਹੋਰ ਸਰੋਤਾਂ ਤੋਂ 130 ਕੁੱਲ 4870 ਮੈਗਾਵਾਟ ਬਿਜਲੀ ਹਾਸਲ ਕੀਤੀ। ਇਸ ਤੋਂ ਇਲਾਵਾ ਬਾਹਰੋਂ ਬਿਜਲੀ ਖ਼ਰੀਦ ਕੇ ਕਰੀਬ 6100 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ।

- Advertisement -

Share this Article
Leave a comment