ਸਟੈਂਡ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮਾਨਾ ਮੱਤੀ ਵਿਰਸਾ ਤੇ ਇਤਿਹਾਸ ਦੁਹਰਾਇਆ: ਚੰਦੂਮਾਜਰਾ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੇਤੀਬਾੜੀ ਆਰਡੀਨੈਂਸਾਂ ਉੱਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਏ ਗਏ ਸਟੈਂਡ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸਾਨਾਂ ਅਤੇ ਪੰਜਾਬੀਆਂ ਦੇ ਹੱਕ ਵਿੱਚ ਸੰਸਦ ਅੰਦਰ ਸਟੈਂਡ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮਾਨਾ ਮੱਤੀ ਵਿਰਸਾ ਤੇ ਇਤਿਹਾਸ ਦੁਹਰਾਇਆ ਹੈ , ਉੱਥੇ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੇ ਇਨ੍ਹਾਂ ਮਹੱਤਵਪੂਰਨ ਬਿੱਲਾਂ ਤੋਂ ਪਾਸਾ ਵੱਟ ਕੇ ਆਪਣੀ ਲੁਕਵੀਂ ਸਾਂਝ ਵੀ ਜੱਗ ਜ਼ਾਹਿਰ ਕਰ ਲਈ ਹੈ ਅਤੇ ਦੋਗਲਾ ਚਿਹਰਾ ਤੇ ਵਿਸ਼ਵਾਸਘਾਤ ਕਰਨ ਦੇ ਇਤਿਹਾਸ ਤੇ ਵਿਰਸੇ ਤੇ  ਵੀ ਮੋਹਰ ਲਾ ਦਿੱਤੀ ਹੈ।

ਉਹਨਾਂ ਕਿਹਾ ਕਿ ਸੰਸਦ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਖੇਤੀ ਸਬੰਧੀ ਆਰਡੀਨੈਂਸਾਂ ਵਿਰੁੱਧ ਸਪੱਸ਼ਟ, ਠੋਸ ਵਿਚਾਰ ਰੱਖਕੇ ਕਿਸਾਨਾਂ ਦੇ ਸ਼ੰਕੇ ਮਿਟਾਏ ਬਿਨਾਂ, ਕਿਸਾਨ ਜਥੇਬੰਦੀਆਂ ਤੇ ਕਿਸਾਨ ਵਰਗ ਨੂੰ ਭਰੋਸੇ ਵਿੱਚ ਲਏ ਬਿਨਾਂ ਬਿੱਲ ਸੰਸਦ ਵਿੱਚ ਲਿਆਉਣ ਤੇ ਬਿੱਲ ਦੇ ਵਿਰੋਧ ਵਿੱਚ ਭੁਗਤ ਕੇ ਸਾਬਤ ਕਰ ਦਿੱਤਾ ਹੈ ਕਿ ” ਅਕਾਲੀ ਦਲ ਜੋ ਕਹਿੰਦਾ ਹੈ ਉਸ ਤੇ ਪੂਰਾ ਉੱਤਰਦਾ ਹੈ”।

ਚੰਦੂਮਾਜਰਾ ਨੇ ਅਕਾਲੀ ਦਲ ਨੇ ਕਿਸਾਨਾਂ ਤੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਲਈ ਡਟੇਗਾ ਤੇ ਅਕਾਲੀ ਦਲ ਨੇ ਸੰਸਦ ਵਿਚ ਕਿਸਾਨਾਂ ਦੇ ਹੱਕ ‘ਚ ਡੱਟ ਕੇ ਆਪਣਾ ਵਾਅਦਾ ਪੂਰਾ ਕਰ ਕੇ ਵਿਖਾਇਆ ਹੈ।

ਚੰਦੂਮਾਜਰਾ ਨੇ ਅੱਗੇ ਕਿਹਾ ਕਿ ਭਾਵੇਂ ਇਹ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਨਡੀਏ ਦਾ ਹਿੱਸਾ ਹੋਣ ਕਰਕੇ 1984 ਦੇ ਸਿੱਖ ਕਤਲੇਆਮ ਦੇ ਮੁਖੀ ਸੱਜਣ ਕੁਮਾਰ ਵਰਗਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਵਾਉਣ, ਕਾਲੀ ਸੂਚੀ ਖ਼ਤਮ ਕਰਨ  ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ, ਦਰਬਾਰ ਸਾਹਿਬ ਦੇ ਲੰਗਰ ਤੇ ਜੀਐੱਸਟੀ ਮੁਆਫ਼ ਕਰਵਾਉਣ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਹਵਾਈ ਸੇਵਾ ਸ਼ੁਰੂ ਕਰਵਾਉਣ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਨ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਖੇ ਸ਼ੁਰੂ ਕਰਵਾਉਣ ਵਰਗੇ ਅਨੇਕਾਂ ਯਾਦਗਾਰ ਕੰਮ ਹੋ ਸਕੇ ਪ੍ਰੰਤੂ ਕਿਸਾਨਾਂ ਤੇ ਪੰਜਾਬੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਚੱਲ ਰਹੇ ਮੰਡੀਕਰਨ ਸਿਸਟਮ ਨੂੰ ਟੁੱਟਣ ਦੇ ਡਰ ਦੇ ਤੌਖਲੇ ਭਾਰਤ ਸਰਕਾਰ ਦੂਰ ਨਹੀਂ ਕਰ ਸਕੀ।

- Advertisement -

ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆ ਸਟੈਂਡ ਭਾਵੇਂ ਕਿਸੇ ਦੇ ਡਰ ਜਾਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੈ ਇਹ ਨਿਰੋਲ ਅਕਾਲੀ ਦਲ ਦੀ ਸੋਚ ,ਸਿਧਾਂਤ ਤੇ ਵਿਰਸੇ ਅਨੁਸਾਰ ਹੈ ਪ੍ਰੰਤੂ ਕਾਂਗਰਸ ਪਾਰਟੀ ਦੀ ਦੋਗਲੀ ਨੀਤੀ ਤੇ ਦੋਹਰੇ ਚਿਹਰੇ ਦਾ ਪਾਜ ਸੰਸਦ ਅੰਦਰ ਜੋ ਜੱਗ ਜ਼ਾਹਿਰ ਹੋਇਆ ਹੈ ਕਿ “ਅੰਡੇ ਕਿੱਧਰੇ ਤੇ ਕੁੜ ਕੁੜ ਕਿੱਧਰੇ ” ਹੁਣ ਕਿਸਾਨ ਜਥੇਬੰਦੀਆਂ ਦੀ ਇਹ ਦੋਹਰੀ ਬੋਲੀ ਬੋਲਣ ਵਾਲੀਆਂ ਪਾਰਟੀਆਂ ਦੇ ਆਗੂਆਂ ਨਾਲ਼ ਕੀ ਵਰਤਾਓ ਹੋਵੇਗਾ ਇਹ ਸਮਾਂ ਹੀ ਦੱਸੇਗਾ।

Share this Article
Leave a comment