ਚੰਡੀਗੜ੍ਹ: ਸ਼ਹਿਰ ਦੇ ਸੈਕਟਰ-27 ਸਥਿਤ ਮਾਰਕਿਟ ਵਿੱਚ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਦਫਤਰ ਤੋਂ ਗੰਨ ਪੁਆਇੰਟ ‘ਤੇ ਲੁਟੇਰੇ ਤਿੰਨ ਲੱਖ ਤੋਂ ਜ਼ਿਆਦਾ ਲੁੱਟ ਕੇ ਫਰਾਰ ਹੋ ਗਏ। ਉੱਥੇ ਹੀ ਸੂਚਨਾ ਮਿਲਦੇ ਹੀ ਮੌਕੇ ‘ਚ ਪਹੁੰਚੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਪੁਲਿਸ ਮਾਰਕਿਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਵਿੱਚ ਲੱਗ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਦੋ ਬਦਮਾਸ਼ਾਂ ਨੇ ਮਨੀ ਐਕਸਚੇਂਜ ਦਫਤਰ ਵਿੱਚ ਦਾਖਲ ਹੋ ਕੇ ਬੰਦੂਕ ਤਾਣ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਦਫਤਰ ਵਿੱਚ ਬੈਠੇ ਵਿਅਕਤੀ ਤੋਂ ਕੈਸ਼ ਕਾਊਂਟਰ ਖੁਲਵਾਇਆ ਅਤੇ ਪੂਰਾ ਪੈਸਾ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਬਦਮਾਸ਼ਾਂ ਨੇ ਭੱਜਣ ਲਈ ਐਕਸਚੇਂਜ ਦਫਤਰ ਤੋਂ ਕੁੱਝ ਹੀ ਦੂਰੀ ‘ਤੇ ਆਪਣੇ ਵਾਹਨ ਖੜ੍ਹੇ ਕਰ ਰੱਖੇ ਸਨ।
ਉੱਧਰ ਪੁਲਿਸ ਨੇ ਸੂਚਨਾ ‘ਤੇ ਤੁਰੰਤ ਸ਼ਹਿਰ ਦੀ ਐਂਟਰੀ ਅਤੇ ਐਗਜ਼ਿਟ ਪੁਆਇੰਟ ‘ਤੇ ਤਾਇਨਾਤ ਪੁਲਸਕਰਮੀਆਂ ਨੂੰ ਅਲਰਟ ਕਰ ਦਿੱਤਾ। ਇਸ ਤੋਂ ਇਲਾਵਾ ਸਾਰੇ ਥਾਣਾ ਪੁਲਿਸ ਅਤੇ ਕੰਟਰੋਲ ਰੂਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।