Chandigarh University Video Case : ਫੌਜੀ ਜਵਾਨ ਰੰਕਜ ਦੀ ਫੋਟੋ ਲਗਾ ਕੇ ਵਿਦਿਆਰਥਣ ਨੂੰ ਕਰ ਰਿਹਾ ਸੀ ਬਲੈਕਮੇਲ

Rajneet Kaur
3 Min Read

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਬਾਥਰੂਮ ‘ਚ ਨਹਾਉਂਦੀਆਂ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦਾ ਮਾਸਟਰਮਾਈਂਡ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਫੌਜ ਦਾ ਜਵਾਨ ਸੰਜੀਵ ਸਿੰਘ ਹੀ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਸ਼ਿਮਲਾ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਰੰਕਜ ਵਰਮਾ ਦਾ ਫੋਟੋ ਲਾ ਕੇ ਇੰਟਰਨੈੱਟ ‘ਤੇ ਆਪਣੀ ਪ੍ਰੋਫਾਈਲ ਬਣਾ ਕੇ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਨੂੰ ਬਲੈਕਮੇਲ ਕਰ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਫੌਜੀ ਜਵਾਨ ਸੰਜੀਵ ਸਿੰਘ ਵੀਡੀਓ ਬਣਾਉਣ ਦੀ ਮੁਲਜ਼ਮ ਵਿਦਿਆਰਥਣ ਨਾਲ ਰਿਲੇਸ਼ਨਸ਼ਿਪ ‘ਚ ਸੀ। ਉਨ੍ਹਾਂ ਦੀ ਦੋਸਤੀ ਇੰਟਰਨੈੱਟ ਮੀਡੀਆ ‘ਤੇ ਹੋਈ ਸੀ। ਹਾਲਾਂਕਿ ਪੁਲਿਸ ਨੇ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਰਿਸ਼ਤੇ ਦੌਰਾਨ ਸੰਜੀਵ ਨੇ ਇਕ ਹੋਰ ਅਕਾਊਂਟ ਬਣਾ ਕੇ ਉਸ ‘ਤੇ ਰੰਕਜ ਦੀ ਫੋਟੋ ਲਗਾ ਦਿੱਤੀ  ਤੇ ਵਿਦਿਆਰਥਣ ਨੂੰ ਬਲੈਕਮੇਲ ਕਰਨ ਲੱਗਾ।

ਸੰਜੀਵ ਸਿੰਘ ਨੇ ਸੋਮਵਾਰ ਨੂੰ ਅਦਾਲਤ ਵਿੱਚ ਉੱਚੀ-ਉੱਚੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਰੰਕਜ ਵਰਮਾ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਇੰਟਰਨੈੱਟ ਮੀਡੀਆ ਪ੍ਰੋਫਾਈਲ ਤੋਂ ਰੰਕਜ ਦੀ ਫੋਟੋ ਲਈ ਸੀ ਅਤੇ ਉਸ ਦਾ ਇਸਤੇਮਾਲ ਵਿਦਿਆਰਥਣ ਨੂੰ ਬਲੈਕਮੇਲ ਕਰਨ ਲਈ ਕਰਦਾ ਰਿਹਾ। ਰੰਕਜ ਵਰਮਾ ਨੇ ਵੀ ਖੁਦ ਨੂੰ ਬੇਕਸੂਰ ਦੱਸਦੇ ਹੋਏ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ।

ਦੱਸ ਦੇਈਏ ਕਿ 17 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ‘ਚ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਵੀਡੀਓ ਬਣਾਉਣ ਵਾਲੀ ਐਮਬੀਏ ਵਿਦਿਆਰਥਣ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਫੌਜੀ ਸੰਜੀਵ ਸਿੰਘ ਜੰਮੂ ਦੇ ਸਾਂਬਾ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਅਰੁਣਾਚਲ ਪ੍ਰਦੇਸ਼ ‘ਚ ਤਾਇਨਾਤ ਹੈ।

- Advertisement -

ਐਸਆਈਟੀ ਨੇ ਸਾਰੇ ਮੁਲਜ਼ਮਾਂ ਨੂੰ ਸੋਮਵਾਰ ਨੂੰ ਖਰੜ ਦੀ ਅਦਾਲਤ ‘ਚ ਪੇਸ਼ ਕੀਤਾ ਅਤੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸਿਰਫ਼ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ। ਐਸਆਈਟੀ ਨੇ ਦਲੀਲ ਦਿੱਤੀ ਕਿ ਸੰਜੀਵ ਸਮੇਤ ਹੋਰ ਮੁਲਜ਼ਮਾਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰਨੀ ਹੈ। ਮੁਲਜ਼ਮ ਦੇ ਮੋਬਾਈਲ ’ਚੋਂ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਸੀਐਫਐਲਐਲ ਤੋਂ ਉਸਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment