ਚੰਡੀਗੜ੍ਹ: ਟ੍ਰੈਫਿਕ ਨਿਯਮਾਂ ਪ੍ਰਤੀ ਅਨੌਖੇ ਅੰਦਾਜ਼ ਵਿੱਚ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ ਏਐਸਆਈ ਅਤੇ ਪੰਜਾਬੀ ਸਿੰਗਰ ਭੂਪਿੰਦਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਵਿੱਚ ਇਹ ਸੰਕਰਮਣ ਕਿੱਥੋ ਆਇਆ ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਿਹਤ ਵਿਭਾਗ ਵਲੋਂ ਏਐਸਆਈ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਸੰਪਰਕ ‘ਚ ਆਉਣ ਵਾਲਿਆਂ ਦੀ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ।
ਕੋਰੋਨਾ ਕਾਲ ਵਿੱਚ ਭੂਪਿੰਦਰ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਸ ਵਿੱਚ ਪੈਟਰੋਲਿੰਗ ਕਰਦੇ ਹੋਏ ਕੋਰੋਨਾ ਤੋਂ ਬਚਣਾ ਹੈ ਤਾਂ ਘਰ ਵਿੱਚ ਹੀ ਰਹੋ ਗਾਣਾ ਗਾ ਕੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰਦੇ ਰਹੇ ਹਨ।
ਦਸ ਦਈਏ ਸਾਲ 1987 ਤੋਂ ਭੂਪਿਦੰਰ ਸਿੰਘ ਚੰਡੀਗੜ੍ਹ ਪੁਲਿਸ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ ਪਰ 2012 ਵਿੱਚ ਉਹ ਚੰਡੀਗੜ੍ਹ ਟਰੈਫਿਕ ਪੁਲਿਸ ਵਿੱਚ ਆ ਗਏ ਸਨ। ਉਹ ਹੁਣ ਤੱਕ 20 ਤੋਂ ਜ਼ਿਆਦਾ ਗਾਣੇ ਲਿਖ ਅਤੇ ਗਾ ਚੁੱਕੇ ਹਨ। ਉਨ੍ਹਾਂ ਦੇ ਸਾਰੇ ਗਾਣੇ ਟਰੈਫਿਕ ਨਿਯਮਾਂ ਨਾਲ ਸਬੰਧਤ ਹਨ।