ਜਗਤਾਰ ਸਿੰਘ ਸਿੱਧੂ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਸ਼ਹਿਰ ਹੁਣ ਹਵਾ ਗੁਣਵੱਤਾ (ਏਕਿਊਆਈ) ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਜਾਣਿਆ ਗਿਆ ਹੈ ਕਿਉਂਕਿ ਇਸ ਸ਼ਹਿਰ ਦੀ ਹਵਾ ਦਿੱਲੀ ਨਾਲੋਂ ਵੀ ਜ਼ਿਆਦਾ ਗੰਧਲੀ ਹੈ । ਪਿਛਲੇ ਦੋ ਦਿਨਾਂ ਤੋਂ ਧੁੰਆਂਖੀ ਹਵਾ ਅਤੇ ਧੁੰਦ ਕਾਰਨ ਸੜਕ ਉਪਰ ਆਵਾਜਾਈ ਦੀ ਵੀ ਮੁਸ਼ਕਿਲ ਆ ਰਹੀ ਹੈ । ਸ਼ਾਮ ਦੇ ਸਮੇਂ ਜਦੋਂ ਦਫਤਰਾਂ ਦੀ ਛੁੱਟੀ ਹੁੰਦੀ ਹੈ ਤਾਂ ਸਥਿਤੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ । ਆਮ ਤੌਰ ਤੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਦੇਸ਼ ਅੰਦਰ ਦਿੱਲੀ ਸਭ ਤੋਂ ਵੱਧ ਚਰਚਾ ਵਿੱਚ ਰਹਿੰਦਾ ਹੈ ਪਰ ਇਸ ਵਾਰ ਚੰਡੀਗੜ ਤਾਂ ਦਿੱਲੀ ਨੂੰ ਵੀ ਪਿੱਛੇ ਛੱਡ ਗਿਆ ਹੈ। ਚੰਡੀਗੜ੍ਹ ਦੀ ਤ੍ਰਾਸਦੀ ਇਹ ਵੀ ਹੈ ਕਿ ਖਤਰਨਾਕ ਸਥਿਤੀ ਹੋਣ ਦੇ ਬਾਵਜੂਦ ਪ੍ਰਦੂਸ਼ਣ ਘਟਾਉਣ ਲਈ ਚੰਡੀਗੜ ਦਾ ਕਿਧਰੇ ਜ਼ਿਕਰ ਨਹੀਂ ਹੈ ਜਦੋ ਕਿ ਦਿੱਲੀ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਸੁਪਰੀਮ ਕੋਰਟ ਤੱਕ ਚਰਚਾ ਛਿੜੀ ਹੋਈ ਹੈ। ਹਾਲਾਂਕਿ ਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੋਣ ਕਾਰਨ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਸਮੇਤ ਮੰਤਰੀਆਂ ਦਾ ਟਿਕਾਣਾ ਵੀ ਸਿਟੀ ਬਿਊਟੀਫੁਲ ਹੀ ਹੈ । ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਦਾ ਵੀ ਇਹ ਹੀ ਸ਼ਹਿਰ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਸਾਹਿਬਾਨ ਦਾ ਇਸ ਸ਼ਹਿਰ ਦੀ ਵਿਰਾਸਤ ਅਤੇ ਖੂਬਸੂਰਤੀ ਨੂੰ ਬਚਾਕੇ ਰੱਖਣ ਵੱਲ ਖਾਸ ਧਿਆਨ ਹੈ । ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਮੀਡੀਆ ਦਾ ਕੇਂਦਰ ਹੈ । ਸ਼ਹਿਰ ਦੀ ਖੂਬਸੂਰਤ ਲੇਕ ਅਤੇ ਹਰਿਆਲੀਆਂ ਲੱਦੇ ਪਾਰਕ ਪ੍ਰਦੂਸ਼ਣ ਦਾ ਟਾਕਰਾ ਕਰਦੇ ਹਨ।ਇਸ ਸਾਰੇ ਕਾਸੇ ਦੇ ਬਾਵਜੂਦ ਚੰਡੀਗੜ ਨੂੰ ਪ੍ਰਦੂਸ਼ਣ ਤੋ ਬਚਾਉਣ ਲਈ ਦਿੱਲੀ ਦੇ ਮੁਕਾਬਲੇ ਕਮਜ਼ੋਰ ਅਵਾਜ਼ ਵੀ ਨਹੀਂ ਉੱਠੀ। ਐਨੀ ਹਵਾ ਖਰਾਬ ਹੋਣ ਕਾਰਨ ਕੁਝ ਲੋਕ ਮਾਸਕ ਲਗਾ ਕੇ ਘੁੰਮਦੇ ਤਾਂ ਵੇਖੇ ਜਾਂਦੇ ਹਨ ਪਰ ਸਥਿਤੀ ਦੇ ਟਾਕਰੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉਪਰਾਲੇ ਨਜ਼ਰ ਨਹੀਂ ਆ ਰਹੇ ।
ਜੇਕਰ ਹਵਾ ਦੀ ਗੁਣਵੱਤਾ ੳਪਰ ਨਜ਼ਰ ਮਾਰੀਏ ਤਾਂ ਸਥਿਤੀ ਦੀ ਗੰਭੀਰਤਾ ਦਾ ਪਤਾ ਲਗਦਾ ਹੈ ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੀਤੇ ਕੱਲ੍ਹ ਚੰਡੀਗੜ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਔਸਤਨ 427 ਦਰਜ ਕੀਤਾ ਗਿਆ ਹੈ ਜਦੋਂ ਕਿ ਦੇਸ਼ ਦੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ 424 ਸੀ। ਹਾਲਾਂਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਨਾਲ ਚੁਫੇਰੇ ਤੋਂ ਘਿਰੀ ਹੋਈ ਹੈ । ਇੰਨਾਂ ਦੋਵਾਂ ਸੂਬਿਆਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਸਭ ਤੋਂ ਵਧੇਰੇ ਚਰਚਾ ਹੈ । ਇਸ ਦੇ ਬਾਵਜੂਦ ਇਸ ਸ਼ਹਿਰ ਲਈ ਪ੍ਰਦੂਸ਼ਣ ਦੇ ਟਾਕਰੇ ਦੇ ਪ੍ਰਬੰਧਾਂ ਦੀ ਜਮੀਨੀ ਪੱਧਰ ਉੱਤੇ ਕੋਈ ਠੋਸ ਗੰਭੀਰਤਾ ਦਿਖਾਈ ਨਹੀਂ ਦਿੰਦੀ ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋ ਪੰਜਾਬ ਬਾਰੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ਾਂ ਨੂੰ ਪੂਰੀ ਤਰਾਂ ਰੱਦ ਕੀਤਾ ਜਾ ਰਿਹਾ ਹੈ । ਬੋਰਡ ਦੀ ਦਲੀਲ ਹੈ ਕਿ ਹਵਾ ਦੀ ਜੋ ਅੱਜਕਲ੍ਹ ਰਫ਼ਤਾਰ ਹੈ, ਉਸ ਮੁਤਾਬਿਕ ਪੰਜਾਬ ਦੀ ਪਰਾਲੀ ਦੇ ਧੂੰਏਂ ਦੇ ਕਣ ਦਿੱਲੀ ਜਾ ਹੀ ਨਹੀਂ ਸਕਦੇ । ਇਸ ਲਈ ਪੰਜਾਬ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪ੍ਰਦੂਸ਼ਣ ਦੇ ਗੱਡੀਆਂ, ਮਕਾਨ ਉਸਾਰੀ , ਫੈਕਟਰੀਆਂ ਸਮੇਤ ਕਈ ਹੋਰ ਵੱਡੇ ਕਾਰਨ ਹਨ ਪਰ ਨਿਸ਼ਾਨਾ ਕਿਸਾਨੀ ਨੂੰ ਬਣਾਇਆ ਜਾ ਰਿਹਾ ਹੈ । ਜੇ ਕਰ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਪਰਾਲੀ ਨੂੰ ਅੱਗ ਲਾਉਣ ਦੇ ਮੁਕਾਬਲੇ ਵਿੱਚ ਪੰਜਾਬ ਤੋਂ ਅੱਗੇ ਨਿਕਲ ਗਿਆ ਹੈ। ਇਸ 14 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 7,626 ਰਿਪੋਰਟ ਹੋਏ ਹਨ ਜਦੋਂਕਿ ਮੱਧ ਪ੍ਰਦੇਸ਼ ਵਿੱਚ 8,917 ਕੇਸ ਸਾਹਮਣੇ ਆਏ ਹਨ ਪਰ ਗੱਲ ਕੇਵਲ ਪੰਜਾਬ ਦੀ ਹੀ ਹੋ ਰਹੀ ਹੈ ।
ਸੰਪਰਕ/9814002186