ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-11 ਵਿੱਚ ‘ਸ਼੍ਰੀ ਕੁਮਾਰ ਮੈਡੀਕਲ ਸਟੋਰ’ ਦੇ ਕੈਸ਼ੀਅਰ ਜਾਨਕੀ ਦਾਸ ਕਤਲ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮੈਡੀਕਲ ਸਟੋਰ ਕੈਸ਼ੀਅਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ ਹੋਇਆ ਹੈ। ਵੀਰਵਾਰ ਸਵੇਰੇ ਐਨਕਾਊਂਟਰ ਦੌਰਾਨ ਹਮਲਾਵਰ ਸਨੀ ਮਹਿਰਾ ਦੇ 2 ਗੋਲੀਆਂ ਅਤੇ ਦੂਜੇ ਮੁਲਜ਼ਮ ਆਰੀਅਨ ਦੇ ਇੱਕ ਗੋਲੀ ਲੱਗੀ ਹੈ। ਗੋਲੀ ਲੱਤਾਂ ਵਿੱਚ ਲੱਗੀ ਦੱਸੀ ਜਾ ਰਹੀ ਹੈ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।”

ਸੂਤਰਾਂ ਅਨੁਸਾਰ, ਜੰਮੂ-ਕਸ਼ਮੀਰ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਇਹਨਾਂ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ, ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਸੇ ਵੇਲੇ ਪੁਲਿਸ ਨੇ ਗੋਲੀਆਂ ਚਲਾ ਕੇ ਦੋਵਾਂ ਮੁਲਜ਼ਮਾਂ ਨੂੰ ਦੁਬਾਰਾ ਕਾਬੂ ਕਰ ਲਿਆ। ਇਸ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋਏ ਹਨ। ਇਹ ਘਟਨਾ ਸੈਕਟਰ-25 ਵਿੱਚ ਜੰਗਲ ਦੇ ਨੇੜੇ ਵਾਪਰੀ। ਮਾਮਲਾ ਅੱਜ ਸਵੇਰੇ ਪੰਜ ਤੋਂ ਸਾਢੇ ਪੰਜ ਵਜੇ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈਆਂ ਹਨ।
ਇਸ ਆਪ੍ਰੇਸ਼ਨ ਨੂੰ ਆਪ੍ਰੇਸ਼ਨ ਸੈੱਲ ਦੇ ਇੰਸਪੈਕਟਰ ਹਰਿੰਦਰ ਅਤੇ ਕਰਾਈਮ ਬ੍ਰਾਂਚ ਦੇ ਇੰਸਪੈਕਟਰ ਨਰਿੰਦਰ ਪਟੇਲ ਲੀਡ ਕਰ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਦੋਵੇਂ ਮੁਲਜ਼ਮ ਕਾਫੀ ਸ਼ਾਤਰ ਹਨ। ਜਿਵੇਂ ਹੀ ਪੁਲਿਸ ਦੀਆਂ ਟੀਮਾਂ ਚੰਡੀਗੜ੍ਹ ਪਹੁੰਚੀਆਂ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਰਸਤਾ ਸੁੰਨਸਾਨ ਹੈ ਅਤੇ ਇੱਥੋਂ ਉਹ ਆਸਾਨੀ ਨਾਲ ਭੱਜ ਸਕਦੇ ਹਨ। ਇਸੇ ਗੱਲ ਦਾ ਫਾਇਦਾ ਉਠਾ ਕੇ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਦੱਸ ਦਈਏ ਕਿ ਬੀਤੇ ਸ਼ਨੀਵਾਰ ਦੁਪਹਿਰ ਪੀਜੀਆਈ ਦੇ ਨੇੜੇ ਸੈਕਟਰ-11 ਸਥਿਤ ‘ਸ਼੍ਰੀ ਕੁਮਾਰ ਮੈਡੀਕਲ ਸਟੋਰ’ ‘ਤੇ ਅਣਪਛਾਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ ਮੈਡੀਕਲ ਸਟੋਰ ਦੇ ਕੈਸ਼ੀਅਰ ਦੀ ਮੌਤ ਹੋ ਗਈ। 2 ਬਦਮਾਸ਼ ਗਾਹਕ ਬਣ ਕੇ ਦੁਕਾਨ ਦੇ ਅੰਦਰ ਵੜੇ ਸਨ। ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ। ਦੋਵਾਂ ਨੇ ਹੱਥ ਛੁਪਾ ਕੇ ਦੁਕਾਨ ਦੇ ਅੰਦਰ ਹੀ ਆਪਣੀਆਂ ਆਟੋਮੈਟਿਕ ਬੰਦੂਕਾਂ ਲੋਡ ਕੀਤੀਆਂ ਅਤੇ ਕਾਊਂਟਰ ‘ਤੇ ਬੈਠੇ ਕੈਸ਼ੀਅਰ ‘ਤੇ ਫਾਇਰਿੰਗ ਕਰ ਦਿੱਤੀ। ਬੰਦੂਕ ਨਾਲ ਕਰੀਬ 1 ਸੈਕੰਡ ਵਿੱਚ ਹੀ 13 ਫਾਇਰ ਹੋਏ। ਬੰਦੂਕਾਂ ਦੋਵਾਂ ਹੀ ਹਮਲਾਵਰਾਂ ਕੋਲ ਸਨ, ਪਰ ਗੋਲੀ ਉਨ੍ਹਾਂ ਵਿੱਚੋਂ ਇੱਕ ਹੀ ਹਮਲਾਵਰ ਨੇ ਚਲਾਈ। ਇਸ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ।

