ਚੰਡੀਗੜ੍ਹ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਚੰਡੀਗੜ੍ਹ ਕੂਚ ਕੀਤਾ ਗਿਆ । ਉਨ੍ਹਾਂ ਵੱਲੋਂ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਸਾਥੀਆਂ ਅਤੇ ਹੋਰ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ‘ਚ ਦਾਖ਼ਲ ਹੋਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਸੀ, ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਚੁੱਕ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ‘ਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਾਟਰ ਕੈਨਨ ਦਾ ਮੂੰਹ ਵੀ ਮੋੜ ਦਿੱਤਾ। ਇਸ ਤੋਂ ਬਾਅਦ ਸਮਰਥਕ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ ਹਨ ਅਤੇ ਚੰਡੀਗੜ੍ਹ ਦੇ ਸੈਕਟਰ 2 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਦੇ ਘੇਰਾਓ ਲਈ ਜਾ ਰਹੇ ਹਨ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਆਖ਼ਰ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੰਦ ਕਿਉਂ ਹੈ। ਕਈ ਜਥੇਬੰਦੀਆਂ ਨੇ ਇਸ ਮਾਰਚ ਦਾ ਸਮਰਥਨ ਕੀਤਾ ਹੈ। ਪਾਰਟੀ ਦੇ ਨੇਤਾ ਵਿਧਾਇਕ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਅਸੀਂ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆਏ ਹਾਂ, ਕਿਸੇ ਤਰ੍ਹਾਂ ਦੀ ਤੋੜ-ਫੋੜ ਕਰਨ ਲਈ ਨਹੀਂ। ਅੰਮ੍ਰਿਤਪਾਲ ਲੋਕਾਂ ਦੇ ਨੁਮਾਇੰਦੇ ਹਨ, ਪਰ ਜੇਲ੍ਹ ਵਿੱਚ ਰੱਖੇ ਜਾਣ ਕਾਰਨ ਉਹ ਇੱਕ ਸੰਸਦ ਮੈਂਬਰ ਵਜੋਂ ਆਪਣੇ ਸੰਵਿਧਾਨਕ ਫ਼ਰਜ਼ਾਂ ਦਾ ਪਾਲਣ ਨਹੀਂ ਕਰ ਪਾ ਰਹੇ ਹਨ। ਸੰਸਦ ਮੈਂਬਰ ਅੰਮ੍ਰਿਤਪਾਲ ਦੇ ਵਕੀਲ ਇਮਾਨ ਸਿੰਘ ਖ਼ਾਰਾ ਨੇ ਕਿਹਾ ਕਿ NSA ਹਟਾਈ ਜਾ ਚੁੱਕੀ ਹੈ। ਇਸ ਤੋਂ ਬਾਅਦ ਅਜਨਾਲਾ ਹਿੰਸਾ ਅਤੇ 11 ਹੋਰ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਸਾਮ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਲਈ ਵਿਸ਼ੇਸ਼ ਟ੍ਰੈਫਿਕ ਐਡਵਾਇਜ਼ਰੀ ਵੀ ਜਾਰੀ ਕੀਤੀ । ਪੁਲਿਸ ਅਨੁਸਾਰ ਸਵੇਰ ਤੋਂ ਮੋਹਾਲੀ ਬਾਰਡਰ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ-50/51 ਚੌਂਕ ਅਤੇ ਉੱਥੋਂ ਸੈਕਟਰ-44/45 ਲਾਈਟ ਪੁਆਇੰਟ ਤੱਕ ਸਰੋਵਰ ਪੱਥ ‘ਤੇ ਵਾਹਨਾਂ ਦੀ ਆਵਾਜਾਈ ਆਂਸ਼ਿਕ ਤੌਰ ‘ਤੇ ਡਾਇਵਰਟ ਅਤੇ ਪਾਬੰਦੀਸ਼ੁਦਾ ਰਹੇਗੀ। ਇਸ ਤੋਂ ਇਲਾਵਾ ਸੈਕਟਰ-43/44/51/52 ਚੌਂਕ (ਆਈ.ਐੱਸ.ਬੀ.ਟੀ. ਚੌਂਕ) ਤੋਂ ਸੈਕਟਰ-44/45 ਚੌਂਕ (ਗਊਸ਼ਾਲਾ ਚੌਂਕ) ਹੁੰਦੇ ਹੋਏ ਸੈਕਟਰ-45/46-49/50 ਚੌਂਕ ਤੱਕ ਵਿਕਾਸ ਮਾਰਗ ‘ਤੇ ਵੀ ਟ੍ਰੈਫਿਕ ਡਾਇਵਰਜਨ ਲਾਗੂ ਰਹੇਗਾ। ਸੈਕਟਰ-43/44 ਅਤੇ ਸੈਕਟਰ-45/46 ਲਾਈਟ ਪੁਆਇੰਟ ‘ਤੇ ਵੀ ਆਵਾਜਾਈ ਪ੍ਰਭਾਵਿਤ ਰਹਿ ਸਕਦੀ ਹੈ।

