ਨਿਊਜ਼ ਡੈਸਕ : ਚੰਡੀਗੜ੍ਹ ਵਿੱਚ ਵੀ.ਆਈ.ਪੀ. ਅਤੇ ਫੈਂਸੀ ਗੱਡੀਆਂ ਦੇ ਨੰਬਰਾਂ ਦਾ ਕ੍ਰੇਜ਼ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ। ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA), ਯੂ.ਟੀ. ਚੰਡੀਗੜ੍ਹ ਵੱਲੋਂ ਫੈਂਸੀ ਨੰਬਰਾਂ ਦੀ ਈ-ਨੀਲਾਮੀ ਕਰਵਾਈ ਗਈ ।ਯੂ.ਟੀ. ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਦਫ਼ਤਰ ਵੱਲੋਂ ਨਵੀਂ ਵਾਹਨ ਰਜਿਸਟ੍ਰੇਸ਼ਨ ਸੀਰੀਜ਼ CH01DE ਦੇ ਫੈਂਸੀ ਅਤੇ ਪਸੰਦੀਦਾ ਨੰਬਰਾਂ ਦੀ ਈ-ਨੀਲਾਮੀ ਤੋਂ ਪ੍ਰਸ਼ਾਸਨ ਨੇ ਰਿਕਾਰਡ ਕਮਾਈ ਕੀਤੀ। ਇਹ ਈ-ਨੀਲਾਮੀ 30 ਮਈ ਤੋਂ 1 ਜੂਨ 2026 ਤੱਕ ਕਰਵਾਈ ਗਈ, ਜਿਸ ਵਿੱਚ ਨਵੀਂ ਲੜੀ ਦੇ 0001 ਤੋਂ 9999 ਤੱਕ ਦੇ ਨੰਬਰਾਂ ਦੇ ਨਾਲ-ਨਾਲ ਪਿਛਲੀਆਂ ਲੜੀਆਂ ਦੇ ਬਾਕੀ ਬਚੇ ਫੈਂਸੀ ਅਤੇ ਵਿਸ਼ੇਸ਼ ਨੰਬਰ ਵੀ ਸ਼ਾਮਲ ਕੀਤੇ ਗਏ ਸਨ।
ਅਧਿਕਾਰੀਆਂ ਦੇ ਅਨੁਸਾਰ, ਵਾਹਨ ਮਾਲਕਾਂ ਵਿੱਚ ਫੈਂਸੀ ਨੰਬਰਾਂ ਲਈ ਲਗਾਤਾਰ ਉਤਸ਼ਾਹ ਬਣਿਆ ਹੋਇਆ ਹੈ। ਤਿੰਨ ਦਿਨਾਂ ਤੱਕ ਚੱਲੀ ਇਸ ਆਨਲਾਈਨ ਬੋਲੀ ਵਿੱਚ ‘0001’ ਨੰਬਰ ਨੂੰ ਪਛਾੜ ਕੇ ਇਸ ਵਾਰ ‘0003’ ਨੰਬਰ ਸਭ ਤੋਂ ਮਹਿੰਗਾ ਵਿਕਿਆ। ਇਸ ਦੌਰਾਨ ‘0003’ ਨੰਬਰ 37.63 ਲੱਖ ਰੁਪਏ ਵਿੱਚ ਵਿਕਿਆ, ਜਦਕਿ ‘0001’ ਲਈ 23.55 ਲੱਖ ਰੁਪਏ ਦੀ ਬੋਲੀ ਲੱਗੀ। ਇਸ ਨੀਲਾਮੀ ਵਿੱਚ ਕੁੱਲ 683 ਰਜਿਸਟ੍ਰੇਸ਼ਨ ਨੰਬਰਾਂ ਦੀ ਸਫ਼ਲ ਬੋਲੀ ਲੱਗੀ। ਪੂਰੀ ਨੀਲਾਮੀ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੁੱਲ 4.13 ਕਰੋੜ ਰੁਪਏ ਤੋਂ ਵੱਧ ਦੀ ਬੰਪਰ ਕਮਾਈ ਹੋਈ।
ਦੱਸ ਦਈਏ ਕਿ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਵਾਹਨ ਮਾਲਕਾਂ ਨੂੰ 1,000 ਰੁਪਏ ਰਜਿਸਟ੍ਰੇਸ਼ਨ ਫ਼ੀਸ ਅਤੇ ਨੰਬਰ ਦੀ ਤੈਅਸ਼ੁਦਾ ਰਿਜ਼ਰਵ ਕੀਮਤ ਜਿਵੇਂ 0001 ਲਈ ₹5 ਲੱਖ, 0002-0009 ਲਈ 1 ਲੱਖ ਰੁਪਏ ਅਤੇ ਹੋਰ ਵੀ.ਆਈ.ਪੀ. ਨੰਬਰਾਂ ਲਈ 50,000 ਰੁਪਏ ਦਾ ਐਡਵਾਂਸ ਭੁਗਤਾਨ ਕਰਕੇ ਤਿੰਨ ਦਿਨਾਂ ਦੀ ਆਨਲਾਈਨ ਬਿਡਿੰਗ ਵਿੱਚ ਹਿੱਸਾ ਲੈਣਾ ਹੁੰਦਾ ਹੈ।
ਚੰਡੀਗੜ੍ਹ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੀਆਂ ਗੱਡੀਆਂ ਦੀ ਕੀਮਤ ਤੋਂ ਵੀ ਜ਼ਿਆਦਾ ਪੈਸਾ ਸਿਰਫ਼ ਉਸ ਦਾ ਨੰਬਰ ਖ਼ਰੀਦਣ ਵਿੱਚ ਲਗਾ ਦਿੰਦੇ ਹਨ। ਹਾਲ ਹੀ ਵਿੱਚ ਮਾਰਚ 2026 ਦੀ ਇੱਕ ਨੀਲਾਮੀ ਵਿੱਚ CH01-DD-0001 ਨੰਬਰ ਪਲੇਟ ਰਿਕਾਰਡ ₹53.88 ਲੱਖ ਵਿੱਚ ਵਿਕੀ, ਜਦਕਿ ਗੱਡੀ (ਫਾਰਚੂਨਰ ਲੈਜੈਂਡਰ) ਦੀ ਆਪਣੀ ਕੀਮਤ ਲਗਭਗ ₹50 ਲੱਖ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

