ਚਮਕੌਰ ਦੀ ਕੱਚੀ ਗੜੀ ਵਿੱਚ ਸੱਚੇ ਗੁਰੂ ਨੇ ਕੀਤਾ ਦੁਨੀਆਂ ਦਾ ਅਨੋਖਾ ਜੰਗ 

TeamGlobalPunjab
5 Min Read

ਚਮਕੌਰ ਦੀ ਕੱਚੀ ਗੜੀ ਵਿੱਚ ਸੱਚੇ ਗੁਰੂ ਨੇ ਕੀਤਾ ਦੁਨੀਆਂ ਦਾ ਅਨੋਖਾ ਜੰਗ 

*ਡਾ. ਗੁਰਦੇਵ ਸਿੰਘ

ਜਿਸ ਦਮ ਹੂਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ।

ਝੱਲਾਏ ਹੂਏ ਸ਼ੇਰ ਥੇ ਸਬ ਗ਼ੈਜ਼ ਕੇ ਮਾਰੇ। (ਜੋਗੀ ਅੱਲ੍ਹਾ ਯਾਰ ਖਾਂ)

ਸੰਨ 1704 ਈਸਵੀ (ਕਈ ਇਤਿਹਾਸਕਾਰ 1705 ਈ. ਵੀ ਲਿਖਦੇ ਹਨ)  ਚਮਕੌਰ ਦੀ ਕਚੀ ਗੜੀ ਵਿੱਚ 40 ਕੁ ਸਿੰਘਾਂ ਨੂੰ 10 ਲੱਖ ਦੇ ਕਰੀਬ ਫੌਜ ਨੇ ਘੇਰਾ ਪਾਇਆ ਹੋਇਆ ਸੀ। 

- Advertisement -

          ਕਹਾਂ ਬੀਰ ਚਾਲੀ, ਛੁਧਾਵੰਤ ਭਾਰੇ। ਕਹਾਂ ਏਕ ਲਾਖ ਆਏ ਹਕਾਰੇ।

ਕਾਇਰ ਤੇ ਬੁਜਦਿਲ ਮੁਗਲ ਤੇ ਪਹਾੜੀ ਫੌਜ ਖੂਨ ਦੀ ਪਿਆਸੀ ਹੋਈ ਪਈ ਸੀ ਓਧਰ ਸਿੰਘ ਭੁਖੇ, ਤਿਆਹੇ ਤੇ ਫਟੜ ਅਵਸਥਾ ਵਿੱਚ ਸਨ ਪਰ ਇਸ ਦੇ ਬਾਵਜ਼ੂਦ ਸਿੰਘਾਂ ਦੇ ਹੋਂਸਲੇ ਬੁਲੰਦ ਸਨ।  ਸਿੰਘਾਂ ਦੀ ਰਹਿਨੁਮਾਈ ਚੜੀਆਂ ਤੋਂ ਬਾਜ ਤੁੜਾਉਣ ਵਾਲੇ ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਜੀ ਕਰ ਰਹੇ ਸਨ। ਸਿੰਘਾਂ ਕੋਲ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਵਰਗੇ ਵਡ ਸੂਰਮੇ ਵੀ ਸਨ ਜੋ ਦਸ ਲੱਖ ਫੌਜ ਨੂੰ ਕੀੜੀਆਂ ਦੀ ਨਿਆਈ ਜਾਣਦੇ ਸਨ।

ਐਨੀ ਵੱਡੀ ਦੁਸ਼ਮਣ ਫੌਜ ਦੇਖ ਚਾਅ ਕੇਵਲ ਖਾਲਸੇ ਦੇ ਮਨ ਵਿੱਚ ਹੀ ਚੜ੍ਹ ਸਕਦਾ ਹੈ। ਚੜ੍ਹੇ ਵੀ ਕਿਉਂ ਨਾ ਗੁਰੂ ਸਾਹਿਬ ਦੇ ਬਾਟੇ ਦਾ ਅੰਮ੍ਰਿਤ ਜੋ ਛੱਕਿਆ ਸੀ। ਆਖਰ ਚਮਕੌਰ ਦੀ ਜੰਗ ਸ਼ੁਰੂ ਹੋਈ। ਗੁਰੂ ਸਾਹਿਬ ਨੇ ਮੋਰਚਾ ਸੰਭਾਲਿਆ। ਦੁਸ਼ਮਣ ਫੌਜ ਵਿੱਚ ਭਾਜੜ ਪੈ ਗਈ। ਕੋਈ ਹੀਲਾ ਚਲਦਾ ਨਾ ਦੇਖ ਕੇ ਅਖੀਰ ਐਨੀ ਵੱਡੀ ਫੌਜ ਫਿਰ ਚਮਕੌਰ ਦੀ ਕੱਚੀ ਗੜੀ ਨੂੰ ਵੀ ਘੇਰਾ ਪਾ ਕੇ ਬੈਠ ਗਈ, ਪਰ ਹੁਣ ਗੁਰੂ ਸਾਹਿਬ ਨੇ ਹੰਕਾਰੇ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਭਰਮ ਨੂੰ ਦੂਰ ਕਰ ਦਿੱਤਾ। ਗੁਰੂ ਜੀ ਨੇ ਸਿੰਘਾਂ ਨੂੰ ਦਿੱਤਾ ਥਾਪੜਾ ਤੇ ਪੰਜ-ਪੰਜ ਸਿੰਘਾਂ ਦੇ ਜੱਥੇ ਮੈਦਾਨੇ ਜੰਗ ਵੱਲ ਤੋਰ ਦਿੱਤੇ। ਘਮਸਾਣ ਦੀ ਜੰਗ ਹੋਈ। ਇੱਕ ਇੱਕ ਸਿੰਘ ਸੈਂਕੜੇ ਦੁਸ਼ਮਣਾਂ ‘ਤੇ ਭਾਰੀ ਪੈ ਰਿਹਾ ਸੀ। ਇਹ ਦੇਖ ਸਰਹੰਦ ਦੇ ਨਵਾਬ ਦੇ ਰੰਗ ਉਡ ਗਏ।

ਗੜੀ ਵਿੱਚ ਕੇਵਲ 40 ਕੁ ਸਿੰਘ ਹੀ ਸਨ ਜੋ ਸ਼ਹੀਦੀਆਂ ਪਾ ਰਹੇ ਸਨ। ਇਹ ਸਭ ਦੇਖ ਕੇ ਜੋਸ਼ ਨਾਲ ਭਰੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਗੁਰੂ ਪਿਤਾ ਤੋਂ ਰਣ ਤੱਤੇ ਵਿੱਚ ਜਾਣ ਲਈ ਆਗਿਆ ਮੰਗੀ। ਗੁਰੂ ਸਾਹਿਬ ਨੇ ਦਿੱਤਾ ਥਾਪੜਾ ਤੇ ਅਪਣੇ ਲਾਡਾਂ ਨਾਲ ਪਾਲੇ ਫਰਜ਼ੰਦ ਨੂੰ ਮੈਦਾਨੇ ਜੰਗ ਵਿੱਚ ਤੋਰਿਆ। ਮੈਦਾਨ ਜੰਗ ਵਿੱਚ ਜਾਂਦਿਆਂ ਹੀ ਗੁਰੂ ਦੇ ਲਾਲ ਨੇ ਥਰਥਲੀ ਮਚਾ ਦਿੱਤੀ। ਜੰਗ ਦੇ ਮੈਦਾਨ ਨੂੰ ਲਹੂ ਦੇ ਨਾਲ ਲਾਲ ਕਰ ਦਿੱਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਤਲਵਾਰ ਖੂਨ ਦੀ ਐਨੀ ਪਿਆਸੀ ਸੀ ਕਿ ਦੇਖਦੇ ਹੀ ਦੇਖਦੇ ਵੱਡੇ ਵੱਡੇ ਯੋਧੇ ਅਖਵਾਉਣ ਵਾਲੇ ਧਰਤੀ ਆਣ ਡਿਗੇ। ਅਖੀਰ ਸਿੰਘ ਸੂਰਮਾ ਲੜਦੇ-ਲੜਦੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਜਾਮ ਪੀ ਗਿਆ।

ਵੱਡੇ ਵੀਰ ਦੀ ਬਹਾਦਰੀ ਨੂੰ ਦੇਖ ਛੋਟੇ ਵੀਰ ਦੇ ਵੀ ਡੋਲੇ ਫੜਕਣ ਲੱਗੇ। ਜੋਸ਼ ਨਾਲ ਭਰੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਮੈਦਾਨੇ ਜੰਗ ਵਿੱਚ ਜਾਣ ਲਈ ਗੁਰੂ ਸਾਹਿਬ ਅੱਗੇ ਆ ਫਰਿਆਦ ਕੀਤੀ। ਮਾਨੋ ਧਰਤੀ, ਸੂਰਜ ਤੇ ਚੰਨ ਆਪਣੀ ਚਾਲ ਹੀ ਭੁੱਲ ਗਏ ਹੋਣ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਨੇ ਲਾਡਾਂ ਨਾਲ ਪਾਲੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਘੁਟ ਕੇ ਗਲੇ ਨਾਲ ਲਾਇਆ। ਗੁਰੂ ਤੋਂ ਆਗਿਆ ਲੈ ਕੇ ਸ਼ਾਹਿਬਜ਼ਾਦਾ ਜੁਝਾਰ ਸਿੰਘ ਰਣ ਤੱਤੇ ਵਿੱਚ ਅਜਿਹਾ ਗੱਜਿਆ ਕਿ ਮੁਗਲਾਂ ਦੇ ਮਨ ਦੇ ਸਾਰੇ ਵਲਵਲੇ ਹੀ ਮੁਕਾਅ ਦਿੱਤੇ। ਸਾਹਿਬਜ਼ਾਦੇ ਨੇ ਵੱਡੇ ਵੱਡੇ ਯੋਧਿਆਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ। ਸ਼ਰਮਸ਼ਾਰ ਗਿੱਦੜਾਂ ਨੇ ਧੋਖੇ ਨਾਲ ਸੂਰਬੀਰ ਸਿੰਘ ਦੇ ਪਿੱਠ ‘ਤੇ ਵਾਰ ਕੀਤਾ ਜਿਸ ਨਾਲ ਸ਼ਾਹਿਬਜ਼ਾਦਾ ਜ਼ੋਰਾਵਰ ਸਿੰਘ ਸ਼ਹੀਦੀ ਜਾਮ ਗਿਆ।

- Advertisement -

ਤਿਉਰਾ ਕੇ ਗਿਰਾ ਲਖ਼ਤ-ਏ-ਜਿਗਰ, ਲਖ਼ਤ-ਏ-ਜਿਗਰ ਪਰ।

ਕਯਾ ਗੁਜ਼ਰੀ ਹੈ ਇਸ ਵਕਤ ਕਹੂੰ ਕਯਾ ਮੈਂ ਪਿਦਰ ਪਰ । (ਜੋਗੀ ਅੱਲ੍ਹਾ ਯਾਰ ਖਾਂ)

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੀ ਕਚੀ ਗੜੀ ਦੇ ਸਥਾਨ ‘ਤੇ ਅਜਿਹੀ ਬਹਾਦਰੀ ਦਿਖਾਈ ਜਿਸ ਦੀ ਮਿਸਾਲ ਦੁਨੀਆਂ ਵਿੱਚ ਮਿਲਣੀ ਹੀ ਮੁਸ਼ਕਿਲ ਹੈ।

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ ।

ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਯੇ । (ਜੋਗੀ ਅੱਲ੍ਹਾ ਯਾਰ ਖਾਂ)

ਹੋਲੀ-ਹੋਲੀ ਸਿੰਘਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਸੀ। ਸਿੰਘਾਂ ਨੇ ਗੁਰਮਤਾ ਪਾ ਕੇ ਪੰਜ ਪਿਆਰਿਆਂ ਦੇ ਰੂਪ ਵਿੱਚ ਦਸਮ ਪਾਤਸ਼ਾਹ ਨੂੰ ਗੜ੍ਹੀ ਵਿਚੋਂ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ 1699 ਈਸਵੀ ਨੂੰ ਖਾਲਸਾ ਸਾਜਨਾ ਸਮੇਂ ਪੰਜ ਪਿਆਰਿਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਸੀ ਜਿਸ ਦੀ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਪ੍ਰਯੋਗ ਕੀਤਾ। ਗੁਰੂ ਸਾਹਿਬ ਗੜੀਂ ਤੋਂ ਚਲੇ ਗਏ। ਗੁਰੂ ਜੀ ਦੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਵੀ ਸੁਰੱਖਿਅਤ ਬਾਹਰ ਆ ਗਏ ਜੋ ਗੁਰੂ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਦੁਬਾਰਾ ਮਿਲਦੇ ਹਨ। ਭਾਈ ਸੰਗਤ ਸਿੰਘ ਨੂੰ ਗੁਰੂ ਜੀ ਨੇ ਆਪਣਾ ਬਾਣਾ ਤੇ ਕਲਗੀ ਪਹਿਨਾ ਕੇ ਦੁਸ਼ਮਣ ਦਾ ਸਾਹਮਣਾ ਕਰਨਾ ਹੁਕਮ ਦਿੱਤਾ ਸੀ ਤਾਂ ਜੋ ਦੁਸ਼ਮਣ ਨੂੰ ਭਰਮ ਵਿੱਚ ਪਾਇਆ ਜਾ ਸਕੇ।  9 ਪੋਹ ਦੀ ਸਵੇਰ ਭਾਈ ਸੰਗਤ ਸਿੰਘ ਅਤੇ ਬਾਕੀ ਦੇ ਸਿੰਘ ਮੁਗਲਾਂ ਨਾਲ ਲੜਦੇ-ਲੜਦੇ ਸ਼ਹੀਦੀਆਂ ਪਾ ਗਏ। 

gurdevsinghdr@gmail.com

Share this Article
Leave a comment