ਭਾਰਤ ਸਰਕਾਰ ਦੀ ਟਵਿੱਟਰ ਨੂੰ ਆਖਰੀ ਚੇਤਾਵਨੀ, ਨਿਯਮ ਲਾਗੂ ਕਰੋ ਜਾਂ ਨਤੀਜੇ ਭੁਗਤਣ ਲਈ ਰਹੋ ਤਿਆਰ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਦਿੱਗਜ ਟਵਿੱਟਰ ਵਿਚਕਾਰ ਜਾਰੀ ਵਿਵਾਦ ਹੁਣ ਹੋਰ ਭਖ਼ਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਨੇ ਟਵਿੱਟਰ ਨੂੰ ਨਵੇਂ ਡਿਜੀਟਲ ਨਿਯਮ ਲਾਗੂ ਕਰਨ ਨੂੰ ਲੈ ਕੇ ਆਖਰੀ ਚਿਤਾਵਨੀ ਦਿੱਤੀ ਹੈ। ਆਈਟੀ ਮੰਤਰਾਲੇ ਵੱਲੋਂ ਭੇਜੇ ਗਏ ਨੋਟਿਸ ਵਿਚ ਸਾਫ਼ ਕਿਹਾ ਗਿਆ ਹੈ ਕਿ ਕੰਪਨੀ ਜਲਦ ਤੋਂ ਜਲਦ ਨਵੇਂ ਨਿਯਮ ਲਾਗੂ ਕਰੇ ਨਹੀਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਸੂਚਨਾ ਤੇ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ ਦੀ ਪ੍ਰਧਾਨਗੀ ਵਿਚ ਆਈਟੀ ਦੇ ਪ੍ਰਮੁੱਖ ਸੀਨੀਅਰ ਅਧਿਕਾਰੀਆਂ ਨਾਲ 4 ਜੂਨ ਨੂੰ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ।

ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲੇ ਨੇ ਟਵਿੱਟਰ ਨੂੰ ਲਿਖਿਆ ਹੈ ਕਿ, ‘ਉਹ 28 ਮਈ ਅਤੇ 2 ਜੂਨ ਨੂੰ ਪ੍ਰਾਪਤ ਤੁਹਾਡੇ ਜਵਾਬਾਂ ਤੋਂ ਨਿਰਾਸ਼ ਹੈ, ਕਿਉਂਕਿ ਤੁਹਾਡੇ ਤੋਂ ਜੋ ਪੁੱਛਿਆ ਗਿਆ ਸੀ ਉਸ ਬਾਰੇ ਨਾ ਤਾਂ ਸਥਿਤੀ ਸਪੱਸ਼ਟ ਕੀਤੀ ਗਈ ਹੈ ਅਤੇ ਨਾ ਹੀ ਨਵੇਂ ਨਿਯਮ ਪੂਰੀ ਤਰ੍ਹਾਂ ਲਾਗੂ ਕੀਤੇ ਗਏ ਹਨ।’

ਸਰਕਾਰ ਨੇ ਟਵਿੱਟਰ ਨੂੰ ਕਿਹਾ ਹੈ ਕਿ ਤੁਹਾਨੂੰ ਆਖਰੀ ਮੌਕਾ ਦੇ ਰਹੇ ਹਾਂ ; ਨਹੀਂ ਤਾਂ ਜੋ ਰਿਆਇਤ ਦਿੱਤੀ ਜਾ ਰਹੀ ਹੈ, ਉਹ ਖ਼ਤਮ ਕਰ ਦਿੱਤੀ ਜਾਏਗੀ ਅਤੇ ਤੁਸੀਂ ਇਸਦੇ ਲਈ ਜ਼ਿੰਮੇਵਾਰ ਹੋਵੋਗੇ।

- Advertisement -

ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੇ ਅਜੇ ਤੱਕ ਚੀਫ ਕੰਪਲਾਇੰਸ ਅਫ਼ਸਰ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ । ਜਿਹੜਾ ਨੋਡਲ ਸੰਪਰਕ ਵਿਅਕਤੀ ਨਾਮਜ਼ਦ ਕੀਤਾ ਗਿਆ ਹੈ ਉਹ ਭਾਰਤ ਵਿਚ ਟਵਿੱਟਰ ਦਾ ਕਰਮਚਾਰੀ ਨਹੀਂ ਹੈ । ਨਾਲ ਹੀ, ਜਿਹੜਾ ਦਫ਼ਤਰ ਦਾ ਪਤਾ ਦੱਸਿਆ ਗਿਆ ਹੈ ਉਹ ਇਕ ਲਾਅ ਫਰਮ ਦਾ ਹੈ ।

 

 

- Advertisement -

ਇਸ ਤੋਂ ਪਹਿਲਾਂ ਟਵਿੱਟਰ ਦੀ ਇਕ ਹੋਰ ਕਾਰਵਾਈ ਨੇ ਕੇਂਦਰ ਸਰਕਾਰ ਦੀ ਨਾਰਾਜ਼ਗੀ ਵਧਾ ਦਿੱਤੀ ਸੀ। ਸ਼ਨੀਵਾਰ ਨੂੰ ਸਵੇਰੇ ਇਹ ਖਬਰ ਮਿਲੀ ਸੀ ਕਿ ਟਵਿੱਟਰ ਨੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਸੰਘ ਦੇ ਮੁਖੀ ਮੋਹਨ ਭਾਗਵਤ ਸਣੇ ਕਈ ਨੇਤਾਵਾਂ ਦੇ ਨਿੱਜੀ ਟਵਿੱਟਰ ਹੈਂਡਲ ਤੋਂ ‘ਬਲੂ ਟਿਕ’ ਹਟਾ ਦਿੱਤੀਆਂ ਹਨ। ਹਾਲਾਂਕਿ, ਵਿਵਾਦ ਭਖ਼ਦਾ ਵੇਖ ਕੇ, ਟਵਿੱਟਰ ਨੇ ਜਲਦੀ ਹੀ ਨਾਇਡੂ ਦੇ ਖਾਤੇ ਦੀ ਨੀਲੀ ਟਿਕ ਨੂੰ ਬਹਾਲ ਕਰ ਦਿੱਤਾ, ਪਰ ਦੂਜੇ ਆਗੂਆਂ ਦੇ ਖਾਤੇ ਅਜੇ ਵੀ ਪਹਿਲਾਂ ਦੀ ਤਰ੍ਹਾਂ ਤਸਦੀਕ ਨਹੀਂ ਹਨ ।

Share this Article
Leave a comment