CBSE ਦਾ ਵੱਡਾ ਫੈਸਲਾ: 10ਵੀਂ ਬੋਰਡ ਪ੍ਰੀਖਿਆ ਹੁਣ ਸਾਲ ਵਿੱਚ ਦੋ ਵਾਰ

Global Team
2 Min Read

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਾਲ 2026 ਤੋਂ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਕਰਵਾਉਣ ਦੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰਨ ਦਾ ਵਾਧੂ ਮੌਕਾ ਮਿਲੇਗਾ।

ਸੀਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਸੀਬੀਐਸਈ ਨੇ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾਉਣ ਦੇ ਮਾਡਲ ਨੂੰ ਅਪਣਾ ਲਿਆ ਹੈ। ਪਹਿਲੀ ਪ੍ਰੀਖਿਆ ਫਰਵਰੀ ਵਿੱਚ ਅਤੇ ਦੂਜੀ ਪ੍ਰੀਖਿਆ ਮਈ ਵਿੱਚ ਹੋਵੇਗੀ। ਫਰਵਰੀ ਦੀ ਪ੍ਰੀਖਿਆ ਦੇ ਨਤੀਜੇ ਅਪ੍ਰੈਲ ‘ਚ ਅਤੇ ਮਈ ਦੀ ਪ੍ਰੀਖਿਆ ਦੇ ਨਤੀਜੇ ਜੂਨ ਵਿੱਚ ਐਲਾਨੇ ਜਾਣਗੇ।

ਵਿਦਿਆਰਥੀਆਂ ਲਈ ਪਹਿਲੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ, ਜਦਕਿ ਦੂਜੀ ਪ੍ਰੀਖਿਆ ਵਿੱਚ ਹਿੱਸਾ ਲੈਣਾ ਉਨ੍ਹਾਂ ਦੀ ਮਰਜ਼ੀ ‘ਤੇ ਨਿਰਭਰ ਕਰੇਗਾ। ਵਿਦਿਆਰਥੀ ਆਪਣੇ ਅੰਕ ਸੁਧਾਰਨ ਲਈ ਦੂਜੀ ਪ੍ਰੀਖਿਆ ਦੇ ਸਕਦੇ ਹਨ। ਨਵੇਂ ਨਿਯਮਾਂ ਅਨੁਸਾਰ, ਅੰਦਰੂਨੀ ਮੁਲਾਂਕਣ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਕੀਤਾ ਜਾਵੇਗਾ।

ਪ੍ਰੀਖਿਆਵਾਂ ਕਦੋਂ ਹੋਣਗੀਆਂ?

ਸੀਬੀਐਸਈ ਦੇ ਫਰਵਰੀ ਵਿੱਚ ਤਿਆਰ ਡਰਾਫਟ ਅਨੁਸਾਰ, 10ਵੀਂ ਬੋਰਡ ਪ੍ਰੀਖਿਆ ਦਾ ਪਹਿਲਾ ਪੜਾਅ 17 ਫਰਵਰੀ ਤੋਂ 6 ਮਾਰਚ ਦਰਮਿਆਨ ਹੋ ਸਕਦਾ ਹੈ, ਜਦਕਿ ਦੂਜਾ ਪੜਾਅ 5 ਮਈ ਤੋਂ 20 ਮਈ ਦਰਮਿਆਨ ਹੋਵੇਗਾ। ਦੋਵਾਂ ਪੜਾਵਾਂ ਦਾ ਸਲੇਬਸ ਇੱਕੋ ਜਿਹਾ ਹੋਵੇਗਾ ਅਤੇ ਪੂਰਾ ਸਲੇਬਸ ਸ਼ਾਮਲ ਕੀਤਾ ਜਾਵੇਗਾ। ਪ੍ਰੀਖਿਆ ਕੇਂਦਰ ਵੀ ਦੋਵਾਂ ਪ੍ਰੀਖਿਆਵਾਂ ਲਈ ਇੱਕੋ ਜਿਹੇ ਹੋਣਗੇ।

ਪ੍ਰੀਖਿਆ ਫੀਸ: ਦੋਵਾਂ ਪ੍ਰੀਖਿਆਵਾਂ ਦੀ ਫੀਸ ਰਜਿਸਟ੍ਰੇਸ਼ਨ ਸਮੇਂ ਜਮ੍ਹਾਂ ਕਰਵਾਉਣੀ ਪਵੇਗੀ।

ਉਦੇਸ਼: ਸੀਬੀਐਸਈ ਦੂਜੀ ਪ੍ਰੀਖਿਆ ਰਾਹੀਂ ਉਨ੍ਹਾਂ ਵਿਦਿਆਰਥੀਆਂ ਨੂੰ ਮੌਕਾ ਦੇਣਾ ਚਾਹੁੰਦਾ ਹੈ ਜੋ ਪਹਿਲੀ ਪ੍ਰੀਖਿਆ ਤੋਂ ਬਾਅਦ ਆਪਣੇ ਅੰਕ ਸੁਧਾਰਨਾ ਚਾਹੁੰਦੇ ਹਨ।

ਕਿਹੜੇ ਅੰਕ ਮੰਨੇ ਜਾਣਗੇ?

ਜੇਕਰ ਕੋਈ ਵਿਦਿਆਰਥੀ ਦੋਵੇਂ ਪ੍ਰੀਖਿਆਵਾਂ ਦਿੰਦਾ ਹੈ, ਤਾਂ ਵਧੇਰੇ ਅੰਕ ਵਾਲੀ ਪ੍ਰੀਖਿਆ ਨੂੰ ਅੰਤਿਮ ਮੰਨਿਆ ਜਾਵੇਗਾ। ਜੇਕਰ ਪਹਿਲੀ ਪ੍ਰੀਖਿਆ ਵਿੱਚ ਵਧੇਰੇ ਅੰਕ ਮਿਲਦੇ ਹਨ ਅਤੇ ਦੂਜੀ ਵਿੱਚ ਘੱਟ, ਤਾਂ ਪਹਿਲੀ ਪ੍ਰੀਖਿਆ ਦੇ ਅੰਕ ਹੀ ਅਖੀਰ ਹੋਣਗੇ।

ਕਿਨ੍ਹਾਂ ਵਿਦਿਆਰਥੀਆਂ ਨੂੰ ਦੂਜਾ ਮੌਕਾ ਨਹੀਂ ਮਿਲੇਗਾ?

ਵਿਦਿਆਰਥੀ ਤਿੰਨ ਵਿਸ਼ਿਆਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਇਜਾਜ਼ਤ ਪ੍ਰਾਪਤ ਕਰਨਗੇ। ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ਵਿੱਚ ਤਿੰਨ ਜਾਂ ਇਸ ਤੋਂ ਵੱਧ ਵਿਸ਼ਿਆਂ ਵਿੱਚ ਸ਼ਾਮਲ ਨਹੀਂ ਹੁੰਦਾ, ਤਾਂ ਉਸ ਨੂੰ ਦੂਜੀ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਨਹੀਂ ਮਿਲੇਗਾ।

Share This Article
Leave a Comment