ਲੰਦਨ : ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ‘ਚ ਤਾਲਾਬੰਦੀ ਜਾਰੀ ਹੈ। ਇਸ ਤਾਲਾਬੰਦੀ ਕਾਰਨ ਦੇਸ਼ਾਂ ਦੀ ਅਰਥਵਿਵਸਥਾ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ। ਉਥੇ ਹੀ ਬ੍ਰਿਟੇਨ ‘ਚ ਤਾਲਾਬੰਦੀ ਕਾਰਨ ਔਰਤਾਂ ਅਤੇ ਲੜਕੀਆਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ‘ਚ ਘਰੇਲੂ ਹਿੰਸਾ ਕਾਰਨ ਹੁਣ ਤੱਕ ਕੁੱਲ 26 ਔਰਤਾਂ ਅਤੇ ਲੜਕੀਆਂ ਦੀ ਮੌਤ ਹੋ ਚੁੱਕੀ ਹੈ।
ਰਿਪੋਰਟ ਅਨੁਸਾਰ ਇਨ੍ਹਾਂ ਮੌਤਾਂ ਤੋਂ ਇਲਾਵਾ ਬਹੁਤ ਸਾਰੀਆਂ ਔਰਤਾਂ ਘਰੇਲੂ ਸ਼ੋਸ਼ਣ ਦਾ ਵੀ ਸ਼ਿਕਾਰ ਹੋ ਰਹੀਆਂ ਹਨ। ਪਹਿਲਾਂ ਦਿੱਤੀ ਚੇਤਾਵਨੀ ਦੇ ਬਾਵਜੂਦ ਵੀ ਬ੍ਰਿਟਿਸ਼ ਸਰਕਾਰ ਘਰੇਲੂ ਹਿੰਸਾ ਨੂੰ ਰੋਕਣ ‘ਚ ਅਸਫਲ ਰਹੀ ਹੈ। ਬ੍ਰਿਟੇਨ ‘ਚ ਘਰੇਲੂ ਹਿੰਸਾ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਜਿਸ ਕਾਰਨ ਸਥਿਤੀ ਭਿਆਨਕ ਬਣਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਔਰਤਾਂ ਅਤੇ ਲੜਕੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਮਾਰਚ ਦੇ ਅਖੀਰ ਵਿਚ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਮਹੀਨੇ ਦੌਰਾਨ 16 ਔਰਤਾਂ ਅਤੇ ਲੜਕੀਆਂ ਦੀ ਘਰੇਲੂ ਹਿੰਸਾ ਕਾਰਨ ਮੌਤ ਹੋ ਗਈ ਸੀ ਜੋ ਕਿ 2019 ਵਿਚ ਇਸ ਸਮੇਂ ਨਾਲੋਂ ਤਿੰਨ ਗੁਣਾ ਜ਼ਿਆਦਾ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 10 ਔਰਤਾਂ ਅਤੇ ਲੜਕੀਆਂ ਦਾ ਕਤਲ ਹੋਇਆ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਡੇ ਉਮਰ ਦਾ 82 ਸਾਲਾ ਬਜ਼ੁਰਗ ਅਤੇ ਸਭ ਤੋਂ ਛੋਟੀ ਉਮਰ ਦੀ 4 ਸਾਲਾ ਲੜਕੀ ਸੀ।
ਇਸ ਸਭ ਤੋਂ ਇਲਾਵਾ ਕਾਊਂਸਲਿੰਗ ਸੈਂਟਰ ਸ਼ੁਰੂ ਕਰਨ ਅਤੇ ਮਹਿਲਾਵਾਂ ਨੂੰ ਕਰਿਆਨਾ ਖਰੀਦਣ ਲਈ ਘਰ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। 50 ਤੋਂ ਵੱਧ ਸਰਕਾਰੀ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ, ਵਿਦਿਅਕ ਮਾਹਰ, ਫਰੰਟ ਲਾਈਨ ਸਪੋਰਟ ਵਰਕਰਾਂ ਨੇ ਦੱਸਿਆ ਕਿ ਬ੍ਰਿਟਿਸ਼ ਨੇਤਾਵਾਂ ਨੇ ਤਾਲਾਬੰਦੀ ਦੀ ਯੋਜਨਾ ‘ਚ ਘਰੇਲੂ ਹਿੰਸਾ ਨੂੰ ਪਹਿਲ ਹੀ ਨਹੀਂ ਦਿੱਤੀ ਅਤੇ ਅਜੇ ਵੀ ਘਰੇਲੂ ਹਿੰਸਾ ਨੂੰ ਰੋਕਣ ‘ਚ ਸਫਲ ਨਹੀਂ ਹੋ ਪਾ ਰਹੇ ਹਨ।