ਮਸ਼ਹੂਰ ਪੰਜਾਬੀ ਗਾਇਕ ਵਿਰੁੱਧ ਮਾਮਲਾ ਦਰਜ; ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼!

Global Team
2 Min Read

ਅੰਮ੍ਰਿਤਸਰ : ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਦੇ ਨਾਮਵਰ ਗਾਇਕ ਰੰਮੀ ਰੰਧਾਵਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਉਸ ਵਿਰੁੱਧ ਇੱਕ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿੱਚ ਕੀਤੀ ਗਈ ਹੈ। ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਏਐਸਆਈ ਕਵਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ। ਅਜਨਾਲਾ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 223 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਗਾਇਕ ਰੰਮੀ ਰੰਧਾਵਾ ਅੰਮ੍ਰਿਤਸਰ ਦੇ ਅਜਨਾਲਾ ਦਾ ਰਹਿਣ ਵਾਲਾ ਹੈ। ਉਨ੍ਹਾਂ ਵੱਲੋਂ ਬੀਤੇ ਦਿਸੰਬਰ ਮਹੀਨੇ ਹਥਿਆਰਾਂ ਦੀ ਨੁਮਾਇਸ਼ ਕਰਦੀ ਇਕ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵਿੱਚ ਹਥਿਆਰਾਂ ਨਾਲ ਸਬੰਧਤ ਇੱਕ ਵੀਡੀਓ ਪੋਸਟ ਕਰਦੇ ਹੋਏ, ਰੰਮੀ ਰੰਧਾਵਾ ਨੇ ਲਿਖਿਆ ਸੀ – “ਸੌਂਦਾ ਏ ਨਾਲ ਸਿਰਹਾਣੇ ਦੇ ਇੱਕ ਇਤਿਹਾਸ ਤੇ ਦੂਜਾ ਕਾਲ ਕੁੜੇ”।’ ਪੋਸਟ ਦੇ ਕੈਪਸ਼ਨ ਵਿੱਚ ਰੰਮੀ ਰੰਧਾਵਾ ਨੇ ਲਿਖਿਆ, “ਸਰਦਾਰੀਆਂ ਮਿਲਦੀਆਂ ਸਿਰ ਦੇ ਕੇ ਸਰਦਾਰ ਅਖਵਾਉਣਾ ਸੌਖਾ ਨਹੀਂ।”

ਏਐਸਆਈ ਕਵਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਰਹੇ ਇੱਕ ਵੀਡੀਓ ਬਾਰੇ ਸੂਚਨਾ ਮਿਲੀ ਸੀ। ਜਦੋਂ ਏਐਸਆਈ ਨੇ ਫੇਸਬੁੱਕ ਅਕਾਊਂਟ ਚੈੱਕ ਕੀਤਾ, ਤਾਂ ਉਸਨੂੰ ਪਤਾ ਲੱਗਾ ਕਿ ਰੰਮੀ ਰੰਧਾਵਾ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਦੀ ਇੱਕ ਇਤਰਾਜ਼ਯੋਗ ਵੀਡੀਓ ਸਾਂਝੀ ਕੀਤੀ ਹੈ। ਖੁੱਲ੍ਹੇਆਮ ਹਥਿਆਰਾਂ ਦੀ ਪ੍ਰਦਰਸ਼ਨੀ ਇੱਕ ਅਪਰਾਧ ਹੈ ਅਤੇ ਇਹ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਕਰਦਾ ਹੈ।

ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਕੀ ਰੰਮੀ ਰੰਧਾਵਾ ਕੋਲ ਉਨ੍ਹਾਂ ਹਥਿਆਰਾਂ ਦਾ ਕੋਈ ਲਾਇਸੈਂਸ ਹੈ ਜਾਂ ਨਹੀਂ ਜੋ ਉਸਨੇ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਹਨ ਜਾਂ ਫਿਰ ਕੀ ਇਹ ਹਥਿਆਰ ਗੈਰ-ਕਾਨੂੰਨੀ ਹਨ। ਪੁਲਿਸ ਹਥਿਆਰਾਂ ਦੇ ਲਾਇਸੈਂਸ ਵਿੱਚ ਰੰਮੀ ਦੇ ਨਾਮ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment