ਉੱਤਰਾਖੰਡ ਪੁਲਸ ਨੇ ਯੋਗ ਗੁਰੂ ਰਾਮਦੇਵ ਦੇ ਅਸ਼ਲੀਲ ਪੋਸਟਰ ਬਣਾਉਣ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਦੋਸ਼ ‘ਚ ਦੇਹਰਾਦੂਨ ਦੇ ਦੋ ਕਾਰਟੂਨਿਸਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਅਸ਼ਲੀਲ ਪੋਸਟਰ ਬਣਾ ਕੇ ਯੋਗ ਗੁਰੂ ਰਾਮਦੇਵ ਦੀ ਤਸਵੀਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਾਂਖਲ ਥਾਣਾ ਇੰਚਾਰਜ ਮੁਕੇਸ਼ ਚੌਹਾਨ ਨੇ ਦੱਸਿਆ ਕਿ ਪਤੰਜਲੀ ਯੋਗਪੀਠ ਦੇ ਲੀਗਲ ਸੈੱਲ ਨੇ ਇਹ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ ਦੇ ਆਧਾਰ ‘ਤੇ ਕਾਰਟੂਨਿਸਟ ਗਜੇਂਦਰ ਰਾਵਤ ਅਤੇ ਹੇਮੰਤ ਮਾਲਵੀਆ ਦੇ ਖਿਲਾਫ ਕਾਂਖਲ ਪੁਲਸ ਸਟੇਸ਼ਨ ‘ਚ ਮਾਮਲਾ ਦਰਜn ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ‘ਤੇ ਅਸ਼ਲੀਲ ਪੋਸਟਰ ਬਣਾ ਕੇ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਯੋਗ ਗੁਰੂ ਦੀ ਤਸਵੀਰ ਨੂੰ ਖਰਾਬ ਕਰਨ ਦਾ ਦੋਸ਼ ਹੈ।
ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 153ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।