ਜਲੰਧਰ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਸੀ ਬੀ ਆਈ ਤੋਂ ਵਾਪਿਸ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸ ਆਈ ਟੀ ਦੇ ਹਵਾਲੇ ਕੀਤੇ ਜਾਣ ਦੇ ਰਸਤੇ ਵਿੱਚ ਬਾਦਲ ਅੜਿੱਕਾ ਲਾ ਰਿਹਾ ਹੈ । ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਦੋਂ ਸੂਬੇ ਦੀ ਵਿਧਾਨਸਭਾ ਵਿੱਚ ਇਹ ਮਤਾ ਪਾਸ ਹੋ ਚੁੱਕਾ ਹੈ ਕਿ ਜਾਂਚ ਸੀ ਬੀ ਆਈ ਤੋਂ ਵਾਪਿਸ ਲੈਣੀ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਵਿਧਾਨਸਭਾ ਦੇ ਫੈਸਲੇ ਦਾ ਸਤਿਕਾਰ ਕਰਦਿਆਂ ਜਾਂਚ ਐਸ ਆਈ ਟੀ ਦੇ ਹਵਾਲੇ ਕੀਤੇ ਜਾਣ ਨੂੰ ਮੰਨਜੂਰੀ ਦਿੱਤੀ ਜਾਣੀ ਚਾਹੀਦੀ ਹੈ । ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਸੂਬੇ ਅੰਦਰ ਇੱਕ ਚਰਚਾ ਛਿੜ ਗਈ ਹੈ ਕਿ ਜਾਂ ਤਾਂ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੇ ਦਬਾਅ ਹੇਠ ਅਜਿਹਾ ਬਿਆਨ ਦੇ ਰਹੇ ਹਨ ਤੇ ਜਾਂ ਫਿਰ ਮੁੱਖ ਮੰਤਰੀ ਬੇਅਦਬੀ ਮਾਮਲਿਆਂ ਨਾਲ ਨਜਿੱਠਣ ਲਈ ਕੋਈ ਨਵੀਂ ਰਾਜਨੀਤੀ ਬਣਾਈ । ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਕੈਪਟਨ ਨੇ ਬੇਅਦਬੀ ਮਾਮਲਿਆਂ ਵਿੱਚ ਇਹ ਦੋਸ਼ ਲਾਇਆ ਹੋਵੇ ਕਿ ਬਾਦਲ ਇਸ ਮਾਮਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਸ਼ ਕਰ ਰਹੇ ਹਨ ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਨਾ ਹੋ ਕੇ ਸਿੱਧੇ ਪ੍ਰਸੋਨਲ ਵਿਭਾਗ ਦੇ ਅਧੀਨ ਹੁੰਦੀ ਹੈ ਤੇ ਬਾਦਲ ਇਸ ਵਿਭਾਗ ਉੱਤੇ ਆਪਣਾ ਪ੍ਰਭਾਵ ਵਰਤ ਕੇ ਜਾਂਚ ਐਸ ਆਈ ਟੀ ਦੇ ਹਵਾਲੇ ਕੀਤੇ ਜਾਣ ਦੇ ਰਸਤੇ ਵਿੱਚ ਰੋੜੇ ਅਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਇਹ ਸਪਸ਼ਨ ਕਰਨਾ ਚਾਹੀਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਕਿਉਂ ਕੀਤੀ ਸੀ ।