ਕੈਪਟਨ ਸਰਕਾਰ ਸੂਬੇ ‘ਚ ਮਾਫ਼ੀਆ ਰਾਜ ਨੂੰ ਰੋਕਣ ਵਿੱਚ ਬੁਰੀ ਤਰਾਂ ਹੋਈ ਅਸਫਲ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਪਰਾਧੀ ਪ੍ਰਵਿਰਤੀ ਵਾਲੇ ਅਨਸਰ ਬਿਨਾ ਕਿਸੇ ਡਰ ਭੈਅ ਦੇ ਬੇਖ਼ੌਫ ਹੋ ਕੇ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਜਿਹੀਆਂ ਗੰਭੀਰ ਘਟਨਾਵਾਂ ਤੋਂ ਅਣਗੌਲਿਆਂ ਹੋ ਆਪਣੀ ਨਵੀਂ ਬਣਾਈ ਗੁਫ਼ਾ ਵਿਚ ਆਰਾਮ ਫ਼ਰਮਾ ਰਹੇ ਹਨ। ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਜਨਤਾ ਦਾ ਬਿਲਕੁਲ ਵੀ ਫ਼ਿਕਰ ਨਹੀਂ ਹੈ।

‘ਆਪ’ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੱਟੀ ਦੇ ਕੈਰੋਂ ਪਿੰਡ ‘ਚ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਦਾ ਕਤਲ, ਅਬੋਹਰ ਵਿਖੇ ਇੱਕ ਸੀਆਈਡੀ ਅਫ਼ਸਰ ਦੀ ਗੋਲੀਆਂ ਮਾਰ ਕੇ ਹੱਤਿਆ ‘ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ, ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਹਨ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਅਪਰਾਧੀ ਬੇਖ਼ੌਫ ਘੁੰਮ ਰਹੇ ਹਨ। ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦਰਜੇ ਦੇ ਭ੍ਰਿਸਟਾਚਾਰ ਕਾਰਨ ਸਮੁੱਚਾ ਪ੍ਰਸ਼ਾਸਨ ਅਤੇ ਪੁਲਸ ਤੰਤਰ ਨਕਾਰਾ ਹੋ ਚੁੱਕਿਆ ਹੈ। ਚੀਮਾ ਨੇ ਕਿਹਾ ਹੈਰਾਨੀਜਨਕ ਤਾਂ ਇਹ ਹੈ ਜਿੱਥੇ ਅਪਰਾਧੀ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਕਾਨੂੰਨ ਨੂੰ ਮੰਨਣ ਵਾਲਾ ਆਮ ਨਾਗਰਿਕ ਡਰ ਅਤੇ ਭੈਅ ਦੇ ਮਾਹੌਲ ਵਿਚ ਜੀਅ ਰਿਹਾ ਹੈ। ਸ਼ਰੇਆਮ ਚੇਨੀਆਂ ਝਪਟੀਆਂ ਜਾ ਰਹੀਆਂ ਹਨ, ਕਾਰਾਂ ਖੋਹੀਆਂ ਜਾ ਰਹੀਆਂ ਹਨ, ਬੈਂਕ ਲੁੱਟੇ ਜਾ ਰਹੇ ਹਨ, ਡਕੈਤੀਆਂ ਹੋ ਰਹੀਆਂ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਦਿਨ-ਦਿਹਾੜੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇੰਜ ਜਾਪਦਾ ਹੈ ਜਿਵੇਂ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ। ਸੈਂਕੜੇ ਭਗੌੜੇ ਕਰਾਰ ਅਪਰਾਧੀ ਪੁਲਸ ਦੀਆਂ ਅੱਖਾਂ ਸਾਹਮਣੇ ਸਿਆਸੀ ਪੁਸ਼ਤ-ਪਨਾਹੀ ਮਾਣ ਰਹੇ ਹਨ। ਅਪਰਾਧੀ ਪ੍ਰਵਿਰਤੀ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ, ਉਹ ਦਿਨ ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ‘ਚ ਹਿਚਕਚਾਹਟ ਨਹੀਂ ਦਿਖਾਉਂਦੇ।

- Advertisement -

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੱਕ ਹਰ ਤਰਾਂ ਦੇ ਮਾਫ਼ੀਆ ਜਿਨ੍ਹਾਂ ਵਿੱਚ ਡਰੱਗਜ਼ ਮਾਫ਼ੀਆ, ਸ਼ਰਾਬ ਮਾਫ਼ੀਆ, ਰੇਤ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਵਰਗੇ ਰਾਜਸੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਹਨ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਾਨੂੰਨ ਵਿਵਸਥਾ ਦੀ ਮਸ਼ੀਨਰੀ ਮਾਫ਼ੀਆ ਦੇ ਮਾਲਕਾਂ ਦੇ ਦਬਾਅ ਹੇਠ ਆਉਂਦੀ ਰਹੇਗੀ।

Share this Article
Leave a comment