ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦਰਮਿਆਨ ਪ੍ਰੀਖਿਆਵਾਂ ਕਰਵਾਉਣ ਬਾਰੇ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਜ਼ਾਹਰ ਕੀਤੀਆਂ ਚਿੰਤਾਵਾਂ ਦੇ ਸੰਦਰਭ ‘ਚ ਅੱਜ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਵੱਲੋਂ ਕਿਸੇ ਵੀ ਸਮੇਂ ਜਾਰੀ ਕੀਤੇ ਜਾਣ ਵਾਲੀਆਂ ਨਵੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ’ਤੇ ਅਧਾਰਿਤ ਹੋਵੇਗਾ। ਜ਼ਿਕਰਯੋਗ ਹੈ ਕਿ
ਇਸ ਸੰਦਰਭ ਵਿੱਚ ਸਾਰੀ ਦੁਬਿਧਾ ਅਤੇ ਅਨਿਸ਼ਚਿਤਤਾ ਨੂੰ ਦੂਰ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ ਕਰਨ ਨਾਲ ਸਾਰੇ ਭਾਈਵਾਲਾਂ ਖਾਸ ਕਰਕੇ ਯੂਨੀਵਰਸਿਟੀਆਂ ਨੂੰ ਯੂ.ਜੀ.ਸੀ. ਵੱਲੋਂ ਜਾਰੀ ਕੀਤੇ ਜਾਣ ਵਾਲੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਅੱਗੇ ਵਧਣ ਦਾ ਸਮਾਂ ਮਿਲ ਜਾਵੇਗਾ।
ਇਹ ਜ਼ਿਕਰਯੋਗ ਹੈ ਕਿ ਯੂ.ਜੀ.ਸੀ. ਵੱਲੋਂ 29 ਅਪ੍ਰੈਲ ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਜੁਲਾਈ, 2020 ਵਿੱਚ ਪ੍ਰੀਖਿਆਵਾਂ ਲੈਣ ਦਾ ਫੈਸਲਾ ਲਿਆ ਸੀ। ਉਸ ਵੇਲੇ ਯੂ.ਜੀ.ਸੀ. ਨੇ ਐਲਾਨ ਕੀਤਾ ਸੀ ਕਿ ਉਹ ਹਾਲਾਤ ’ਤੇ ਮੁੜ ਨਜ਼ਰਸਾਨੀ ਕਰੇਗੀ। ਹਾਲਾਂਕਿ ਅਕਾਦਮਿਕ ਗਤੀਵਿਧੀਆਂ ਖਾਸ ਕਰਕੇ ਪ੍ਰੀਖਿਆਵਾਂ ਕਰਵਾਉਣ ਦੇ ਸਬੰਧ ‘ਚ ਫੈਸਲਾ ਅਜੇ ਯੂ.ਜੀ.ਸੀ. ਦੀ ਤਰਫ਼ੋਂ ਉਡੀਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ‘ਚ ਯੂਨੀਵਰਸਿਟੀਆਂ/ਕਾਲਜ ਯੂ.ਜੀ.ਸੀ. ਪਾਸੋਂ ਮਾਨਤਾ ਪ੍ਰਾਪਤ ਹੋਣ ਕਰਕੇ ਇਮਤਿਹਾਨਾਂ ਬਾਰੇ ਕੋਈ ਵੀ ਫੈਸਲਾ ਭਾਰਤ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਅਧੀਨ ਸਮਰੱਥ ਅਥਾਰਟੀ ਵੱਲੋਂ ਹੀ ਲਿਆ ਜਾ ਸਕਦਾ ਹੈ।