ਕੈਪਟਨ ਸਰਕਾਰ ਨੂੰ ਕਿਉਂ ਨਹੀਂ ਦਿਸਦੀ ਬਿਆਸ ਦਰਿਆ ‘ਤੇ ਮਾਈਨਿੰਗ ਮਾਫ਼ੀਆ ਦੀ ਤਬਾਹੀ- ਹਰਪਾਲ ਸਿੰਘ ਚੀਮਾ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਿਆਸ ਦਰਿਆ ‘ਤੇ ਰੇਤ (ਮਾਈਨਿੰਗ) ਮਾਫ਼ੀਆ ਵੱਲੋਂ ਮਚਾਈ ਤਬਾਹੀ ਪਿੱਛੇ ਸਿੱਧਾ ਮੁੱਖ ਮੰਤਰੀ ਦਫ਼ਤਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ (ਹੁਸ਼ਿਆਰਪੁਰ) ‘ਚ ਬਿਆਸ ਦਰਿਆ ਅਤੇ ਆਲੇ-ਦੁਆਲੇ ਦੀ ਖੇਤੀ ਯੋਗ ਜ਼ਮੀਨ ਉੱਤੇ ਜਿਸ ਤਰਾਂ ਰੇਤ ਮਾਫ਼ੀਆ ਨੇ ਅੱਤ ਚੁੱਕੀ ਹੋਈ ਹੈ, ਇਹ ਸਿੱਧਾ ਮੁੱਖ ਮੰਤਰੀ ਰਿਹਾਇਸ਼ੀ ਦਫ਼ਤਰ (ਰੈਜੀਡੈਂਸ਼ੀਅਲ ਆਫ਼ਿਸ) ਦੀ ਸਰਪ੍ਰਸਤੀ ਬਗੈਰ ਸੰਭਵ ਨਹੀਂ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 5 ਦਰਜਨ ਤੋਂ ਵੱਧ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ 50 ਤੋਂ 100 ਫੁੱਟ ਤੱਕ ਪੁੱਟ ਕੇ ‘ਲੁੱਟ’ ਲਈ ਗਈ ਹੋਵੇ। ਵੱਡੀ ਗਿਣਤੀ ‘ਚ ਜੇਸੀਬੀ ਅਤੇ ਕਰੈਨਾ ਪ੍ਰਤੀ ਦਿਨ 500 ਤੋਂ ਵਧ ਟਰੱਕ, ਟਿੱਪਰ ਅਤੇ ਟਰਾਲੇ ਇਸ ਗੈਰ-ਕਾਨੂੰਨੀ ਆਪ੍ਰੇਸ਼ਨ ਨੂੰ ਅੰਜਾਮ ਦਿੰਦੇ ਹੋਣ। ਪ੍ਰਭਾਵਿਤ ਪਿੰਡਾਂ ਦੇ ਲੋਕ ਅਤੇ ਸੰਗਠਨ (ਸਮੇਤ ਆਮ ਆਦਮੀ ਪਾਰਟੀ ਦੇ ਨੁਮਾਇੰਦੇ) ਸੰਬੰਧਿਤ ਪ੍ਰਸ਼ਾਸਨ ਨੂੰ ਮੰਗ ਪੱਤਰ ਅਤੇ ਅਪੀਲਾਂ-ਦਲੀਲਾਂ ਦਿੰਦੇ ਹੋਣ, ਪਰੰਤੂ ਪ੍ਰਸ਼ਾਸਨ ਫਿਰ ਵੀ ਸੁੱਤਾ ਪਿਆ ਹੋਵੇ। ਇਹ ਸਭ ਮੁੱਖ ਮੰਤਰੀ ਦਫ਼ਤਰ ਦੀ ਮਿਹਰਬਾਨੀ ਦਾ ਹੀ ਕਮਾਲ ਹੋ ਸਕਦਾ ਹੈ। ਜਿਸ ਨੇ ਪ੍ਰਸ਼ਾਸਨ ਦੇ ਹੱਥ ਬੰਨ੍ਹ ਕੇ ਬੇਵੱਸ ਅਤੇ ਮਾਫ਼ੀਆ ਬੇਲਗ਼ਾਮ ਕਰ ਦਿੱਤਾ ਹੈ।

ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ 48 ਘੰਟਿਆਂ ਦੀ ਮੁਹਲਤ ਨਾਲ ਚੇਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਜ਼ਮੀਨਾਂ ਅਤੇ ਜ਼ਿੰਦਗੀਆਂ ਸਮੇਤ ਵਾਤਾਵਰਨ ਅਤੇ ਸਰਕਾਰੀ ਖ਼ਜ਼ਾਨੇ ਲਈ ਚੁਨੌਤੀ ਬਣੇ ਇਸ ਰੇਤ ਮਾਫ਼ੀਆ ਨੂੰ ਨੱਥ ਨਾ ਪਾਈ ਤਾਂ ਆਮ ਆਦਮੀ ਪਾਰਟੀ ਪ੍ਰਭਾਵਿਤ ਖੇਤਰਾਂ ਅਤੇ ਲੋਕਾਂ ਦੇ ਹਿਤ ‘ਚ ਆਰ-ਪਾਰ ਦੀ ਲੜਾਈ ਲੜੇਗੀ।

- Advertisement -

Share this Article
Leave a comment