ਖੇਤੀ ਕਾਨੂੰਨ ਬੀਜੇਪੀ ਦੀ ਸਿਆਸੀ ਮੌਤ ਦਾ ਬਿਗੁਲ : ਕੈਪਟਨ

TeamGlobalPunjab
6 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ‘ਚ 50 ਫੀਸਦੀ ਸੀਟਾਂ ਲਈ ਵੀ ਉਮੀਦਵਾਰ ਨਾ ਲੱਭ ਸਕਣ ਲਈ ਭਾਰਤੀ ਜਨਤਾ ਪਾਰਟੀ ਨੂੰ ਘੇਰਦਿਆਂ ਆਖਿਆ ਕਿ ਕਿਸਾਨਾਂ ਦੇ ਰੋਹ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਭਾਜਪਾ ਨੇ ਕਾਂਗਰਸ ਸਿਰ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਇਹ ਗੱਲ ਕੰਧ ‘ਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਪੰਜਾਬ ਉਸ ਦੇ ਪਤਨ ਦਾ ਕਾਰਨ ਬਣੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਆਪਣੀ ਸਿਆਸੀ ਗੁਮਨਾਮੀ ਵਿੱਚ ਜਾਣ ਲਈ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅੰਤ ਹੁਣ ਨਾ ਸਿਰਫ ਪੰਜਾਬ ਵਿੱਚ ਸਗੋਂ ਕੇਂਦਰ ਵਿੱਚ ਵੀ ਹੋਣਾ ਹੈ ਕਿਉਂ ਜੋ ਕੇਂਦਰ ਦੇ ਜਾਬਰ ਰਾਜ ਦਾ ਖਾਤਮਾ ਹੋਣ ਦੀ ਕਗਾਰ ‘ਤੇ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਲਗਪਗ 7 ਸਾਲਾਂ ਵਿੱਚ ਭਾਜਪਾ ਨੇ ਹਰ ਹਰਬਾ ਵਰਤ ਕੇ ਮਨੁੱਖੀ ਹੱਕਾਂ ਦੇ ਨਾਲ-ਨਾਲ ਦੇਸ਼ ਵਾਸੀਆਂ ਦੇ ਗੌਰਵ ਅਤੇ ਇਛਾਵਾਂ ਨੂੰ ਵੀ ਬੁਰੀ ਤਰ੍ਹਾਂ ਲਿਤਾੜਿਆ ਅਤੇ ਹੁਣ ਲੋਕਾਂ ਦੀ ਵਾਰੀ ਆਈ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਖੌਤੀ ਸ਼ਹਿਰੀ ਪਾਰਟੀ ਸੂਬੇ ਦੀ ਸਥਾਨਕ ਚੋਣਾਂ ਲਈ ਅੱਧੀਆਂ ਤੋਂ ਵੱਧ ਸੀਟਾਂ ਵਾਸਤੇ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਸਕਦੀ, ਉਸ ਤੋਂ ਇਹ ਕਲਪਨਾ ਕੀਤੀ ਜਾ ਸਕਦੀ ਹੈ ਕਿ ਜੇਕਰ ਇਨ੍ਹਾਂ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਤਾਂ ਇਨ੍ਹਾਂ ਦਾ ਹਸ਼ਰ ਕਿਹੋ ਜਿਹਾ ਹੋਵੇਗਾ। ਉਨ੍ਹਾਂ ਕਿਹਾ,”ਜੋ ਕੁਝ ਤੁਸੀਂ ਸੜਕਾਂ ‘ਤੇ ਦੇਖ ਰਹੇ ਹੋ ਅਤੇ ਜਿਸ ਦਾ ਦੋਸ਼ ਤੁਸੀਂ ਕਾਂਗਰਸ ਦੀ ਸ਼ਹਿ ਹੋਣ ਦਾ ਦੋਸ਼ ਮੜ੍ਹਦੇ ਹੋ, ਅਸਲ ਵਿੱਚ ਇਹ ਤੁਹਾਡੇ ਕਿਸਾਨ ਵਿਰੋਧੀ ਹੰਕਾਰੀ ਰਵੱਈਏ ਵਿਰੁੱਧ ਕਿਸਾਨ ਵਿੱਚ ਪੈਦਾ ਹੋਇਆ ਰੋਸ ਹੈ।” ਮੁੱਖ ਮੰਤਰੀ ਨੇ ਪੰਜਾਬ ਭਾਜਪਾ ਦੇ ਉਸ ਦਾਅਵੇ ਨੂੰ ਵੀ ਰੱਦ ਕੀਤਾ ਕਿ ਅਗਾਮੀ ਨਗਰ ਕੌਂਸਲ ਚੋਣਾਂ ਲਈ ਚੋਣ ਮੁਹਿੰਮ ਵਿੱਚ ਮੁਖਾਲਫ਼ਤ ਕਰਨ ਵਾਲੇ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਸਗੋਂ ਕਾਂਗਰਸੀ ਵਰਕਰ ਹਨ।

ਮੁੱਖ ਮੰਤਰੀ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਪੁੱਛਿਆ,”ਕੀ ਤੁਸੀਂ ਸੱਚਮੁੱਚ ਇਹ ਸੋਚਦੇ ਹੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਨਾਂ ਕਿਸੇ ਗੱਲ ਦੇ ਕਿਸਾਨਾਂ ਪ੍ਰਤੀ ਬਦਜ਼ਬਾਨੀ ਕਰਨ ਅਤੇ ਉਨ੍ਹਾਂ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ ਨੂੰ ਮਲੀਆਮੇਟ ਕਰਨ ਨਾਲ ਤੁਸੀਂ ਬਚ ਸਕਦੇ ਹੋ।” ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹੁਣ ਵੀ ਸੱਤਾ ਦੇ ਨਸ਼ੇ ਵਿੱਚ ਡੁੱਬੀ ਭਾਜਪਾ ਸੱਚ ਦਾ ਸ਼ੀਸ਼ਾ ਦੇਖਣ ਤੋਂ ਆਨਾਕਾਨੀ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਦੇ ਹੱਲ ਲਈ ਬੁਰੀ ਤਰ੍ਹਾਂ ਨਾਕਾਮ ਰਹਿਣ ਤੋਂ ਆਪਣੀਆਂ ਕਮਜ਼ੋਰੀਆਂ ‘ਤੇ ਪਰਦਾ ਪਾਉਣ ਲਈ ਬੇਤੁੱਕੀ ਬਹਾਨੇਬਾਜ਼ੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਕੋਈ ਵੀ ਸਿਆਸੀ ਲੀਡਰਸ਼ਿਪ ਆਪਣੇ ਹੀ ਨਾਗਰਿਕਾਂ ਦੇ ਹਿੱਤ ਅਣਗੌਲੇ ਕਰਕੇ ਲੰਮਾ ਸਮਾਂ ਟਿਕੀ ਨਹੀਂ ਰਹੀ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਰੂਪ ਵਿੱਚ ਭਾਜਪਾ ਨੇ ਆਪਣੀ ਹੋਣੀ ਆਪ ਹੀ ਘੜ ਲਈ ਹੈ।” ਕੈਪਟਨ ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ”ਤੁਸੀਂ (ਬੀਜੇਪੀ), ਆਪਣੇ ਸਹਿਯੋਗੀਆਂ ਅਤੇ ਅਕਾਲੀਆਂ ਜਿਹੀਆਂ ਸਾਬਕਾ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਉਨ੍ਹਾਂ ਕਿਸਾਨਾਂ ਦੇ ਮੂੰਹ ‘ਚੋਂ ਬੁਰਕੀ ਖੋਹਣ ਦੀ ਸਾਜ਼ਿਸ਼ ਰਚੀ ਜੋ ਤੁਹਾਡਾ ਢਿੱਡ ਭਰਦੇ ਹਨ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਇਹ ਕਿਸਾਨ ਹਾਰ ਪਾ ਕੇ ਤੁਹਾਡਾ ਸਵਾਗਤ ਕਰਨ?” ਉਨ੍ਹਾਂ ਕਿਹਾ ਕਿ ਸੁਭਾਵਕ ਤੌਰ ‘ਤੇ ਕਿਸਾਨ ਭਾਜਪਾ ਤੋਂ ਨਾਰਾਜ਼ ਹਨ ਅਤੇ ਭਾਜਪਾ ਆਗੂਆਂ ‘ਤੇ ਆਪਣਾ ਗੁੱਸਾ ਕੱਢਣ ਲਈ ਹਰੇਕ ਮੌਕਾ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਗੂਆਂ ਦੀਆਂ ਫੇਰੀਆਂ ਦੌਰਾਨ ਪਲਿਸ ਦੀ ਜ਼ਿਆਦਾ ਤਾਇਨਾਤੀ ਨਾ ਕੀਤੀ ਜਾਂਦੀ ਤਾਂ ਹਾਲਾਤ ਸੱਚਮੁੱਚ ਵੱਸੋਂ ਬਾਹਰ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਖਿਲਾਫ ਕਿਸਾਨਾਂ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਜਦੋਂ ਵੀ ਭਾਜਪਾ ਦੇ ਆਗੂ ਚੋਣ ਪ੍ਰਚਾਰ ਲਈ ਜਾਂਦੇ ਹਨ ਤਾਂ ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਖੁਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

ਭਾਜਪਾ ਵੱਲੋਂ ਚੋਣ ਪ੍ਰਚਾਰ ਲਈ ਚੋਣ ਹਲਕਿਆਂ ਵਿੱਚ ਉਨ੍ਹਾਂ ਦੇ ਆਗੂਆਂ ਨੂੰ ਜਾਣ ਤੋਂ ਰੋਕਣ ਸਮੇਂ ਪੁਲਿਸ ‘ਤੇ ਮੂਕ ਦਰਸ਼ਕ ਬਣੇ ਰਹਿਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਖੁਦ ‘ਤੇ ਪੁਲਿਸ ਦੁਆਰਾ ਲਾਠੀਚਾਰਜ ਕੀਤੇ ਜਾਣ ਦੀ ਸ਼ਿਕਾਇਤ ਨੂੰ ਵੇਖਦਿਆਂ ਇਹ ਬਹੁਤ ਹਾਸੋਹੀਣਾ ਹੈ। ਕਿਸੇ ਵੀ ਸਥਿਤੀ ਵਿਚ, ਜੇ ਅਜਿਹਾ ਹੁੰਦਾ ਤਾਂ ਭਾਜਪਾ ਦੇ ਮਨੋਹਰ ਲਾਲ ਖੱਟਰ, ਜੋ ਹਰਿਆਣਾ ਸਰਕਾਰ ਅਤੇ ਪੁਲਿਸ ਨੂੰ ਕੰਟਰੋਲ ਕਰਦੇ ਹਨ, ਨੂੰ ਆਪਣੇ ਮੀਟਿੰਗ ਵਾਲੇ ਸਥਾਨ ‘ਤੇ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ,” ਤੱਥ ਇਹ ਹੈ ਕਿ ਨਾ ਸਿਰਫ ਪੰਜਾਬ ਪੁਲਿਸ, ਬਲਕਿ ਚੋਣ ਕਮਿਸ਼ਨ (ਈ.ਸੀ.), ਜਿਸ ‘ਤੇ ਤੁਸੀਂ ਲਗਾਤਾਰ ਆਪਣੇ ਮਨਘੜਤ ਅਤੇ ਬੇਤੁੱਕੇ ਇਲਜ਼ਾਮ ਲਗਾਉਂਦੇ ਰਹੇ ਹੋ, ਆਪਣਾ ਕੰਮ ਸੁਹਿਰਦਤਾ ਨਾਲ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ ਭਾਜਪਾ ਦੇ ਝੂਠਾਂ ਅਤੇ ਨਿਰਆਧਾਰ ਦੋਸ਼ਾਂ ਵਿੱਚ ਉਨ੍ਹਾਂ ਦੀ ਨਿਰਾਸ਼ਾ ਸਾਫ਼ ਜ਼ਾਹਿਰ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਗੜਬੜੀ ਲਈ ਖੁਦ ਨੂੰ ਛੱਡ ਕੇ ਬਾਕੀਆਂ ਨੂੰ ਦੋਸ਼ੀ ਠਹਿਰਾਉਣ ਦੀ ਭਾਜਪਾ ਦੀ ਨਿਰਾਸ਼ਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਜਪਾ ਨਾ ਸਿਰਫ ਇਹ ਚੋਣਾਂ, ਬਲਕਿ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਿੰਨੀ ਬੁਰੀ ਤਰ੍ਹਾਂ ਹਾਰਨ ਵਾਲੀ ਹੈ। ਪਾਰਟੀ ਲੀਡਰਸ਼ਿਪ ਦੇ ਇਹ ਦਾਅਵੇ ਕਿ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਹੈਰਾਨੀਜਨਕ ਕਾਰਗੁਜ਼ਾਰੀ ਵਿਖਾਏਗੀ ‘ਤੇ ਵਿਅੰਗ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ “ਹਾਂ, 2022 ਵਿਚ ਵੱਡੀ ਹੈਰਾਨੀਜਨਕ ਗੱਲ ਹੋਵੇਗੀ ਜਦੋਂ ਪੰਜਾਬ ਦੇ ਸਿਆਸੀ ਅਖਾੜੇ ‘ਚੋਂ ਭਾਜਪਾ ਦਾ ਬਿਸਤਰਾ ਗੋਲ ਹੋ ਜਾਵੇਗਾ।

- Advertisement -

Share this Article
Leave a comment