80 ਕਰੋੜ ਲੋਕਾਂ ਨੂੰ ਵੱਡੀ ਖੁਸ਼ਖਬਰੀ ਦੇਣ ਦੀ ਤਿਆਰੀ ‘ਚ ਕੇਂਦਰ ਸਰਕਾਰ

Prabhjot Kaur
2 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਦੇ ਲਾਭਪਾਤਰੀਆਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਸਰਕਾਰ ਅਗਲੇ 3 ਤੋਂ 6 ਮਹੀਨੇ ਤੱਕ ਮੁਫਤ ਰਾਸ਼ਨ ਦੇਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਸਰਕਾਰ ਜਲਦ ਹੀ ਗਰੀਬਾਂ ਨੂੰ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ 30 ਸਤੰਬਰ ਤੋਂ ਅੱਗੇ ਵਧਾਉਣ ਦਾ ਐਲਾਨ ਕਰ ਸਕਦੀ ਹੈ।

ਰਿਪੋਰਟਾਂ ਮੁਤਾਬਕ ਸਰਕਾਰ ਅਗਲੇ 3-6 ਮਹੀਨਿਆਂ ਲਈ ਗਰੀਬਾਂ ਨੂੰ 5 ਕਿੱਲੋ ਰਾਸ਼ਨ ਮੁਫਤ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਇਸ ਨਾਲ ਸਰਕਾਰ ਨੂੰ 10 ਬਿਲੀਅਨ ਡਾਲਰ ਹੋਰ ਖਰਚਣਾ ਪੈ ਸਕਦਾ ਹੈ। ਇਸ ਨਾਲ ਵਿੱਤੀ ਘਾਟੇ ਦੇ ਟੀਚੇ ਨੂੰ ਪੂਰਾ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਭਾਰਤ ਨੇ ਅਪ੍ਰੈਲ 2020 ਤੋਂ ਆਪਣੇ ਮੁਫਤ ਭੋਜਨ ਪ੍ਰੋਗਰਾਮ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ’ ‘ਤੇ ਲਗਭਗ 43 ਬਿਲੀਅਨ ਡਾਲਰ ਖਰਚ ਕੀਤੇ ਹਨ। ਇੱਕ ਸਰਕਾਰੀ ਅਧਿਕਾਰੀ ਮੁਤਾਬਕ 6 ਮਹੀਨਿਆਂ ਦੇ ਵਾਧੇ ਨਾਲ ਸਰਕਾਰ ਨੂੰ 800 ਬਿਲੀਅਨ ਰੁਪਏ (10 ਬਿਲੀਅਨ ਡਾਲਰ) ਦਾ ਨੁਕਸਾਨ ਹੋ ਸਕਦਾ ਹੈ।

ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ PMGKAY ਨੂੰ 30 ਸਤੰਬਰ ਤੋਂ ਅੱਗੇ ਵਧਾਉਣ ਲਈ ਜਲਦੀ ਹੀ ਫੈਸਲਾ ਲਿਆ ਜਾਵੇਗਾ। PMGKAY ਯੋਜਨਾ ‘ਤੇ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ, ‘ਸਰਕਾਰ ਨੇ ਫੈਸਲਾ ਕਰਨਾ ਹੈ। ਇਹ ਵੱਡੇ ਸਰਕਾਰੀ ਫੈਸਲੇ ਹਨ… ਸਰਕਾਰ ਇਸ ਬਾਰੇ ਫੈਸਲਾ ਲਵੇਗੀ।’

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਮਾਰਚ, 2020 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨ.ਐੱਫ.ਐੱਸ.ਏ.) ਅਧੀਨ ਆਉਂਦੇ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment