ਸਰਕਾਰ ਦੇ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਇੱਕ ਪਟਵਾਰੀ ਤੋਂ ਬਿਨਾ ਸਾਰੇ ਗ਼ੈਰਹਾਜ਼ਰ

navdeep kaur
3 Min Read

ਮੁਲਾਂਪੁਰ ਦਾਖਾ :ਸਰਕਾਰ ਦੇ ਨਿਯਮਾਂ ਦੀਆਂ ਉੱਡੀਆਂ ਧੱਜੀਆਂ। ਨਿਯਮ ਕਦੋਂ ਬਣੇ ਤੇ ਕਦੋਂ ਟੁੱਟ ਗਏ ,ਲੈ ਚਲਦੇ ਹਾਂ ਮੁੱਲਾਂਪੁਰ ਦਾਖਾ। ਜਿੱਥੋਂ ਦੇ ਲੋਕਾਂ ਦੀ ਸ਼ਿਕਾਇਤਾਂ ਮਿਲਣ ‘ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਨੇ ਸਥਾਨਕ ਨਾਇਬ ਤਹਿਸੀਲਦਾਰ ਦਫਤਰ ‘ਚ ਅਚਾਨਕ ਛਾਪਾ ਮਾਰਿਆ ਚੈੱਕਿੰਗ ਕੀਤੀ ਤਾਂ ਦੇਖਿਆ ਨਾਇਬ ਤਹਿਸੀਲਦਾਰ, ਕਲਰਕ ਸਵੇਰੇ 9 ਵਜੇ ਤੱਕ ਗੈਰ ਹਾਜ਼ਰ ਦਿਖਾਈ ਦਿੱਤੇ। ਉੱਥੇ ਪਟਵਾਰਖਾਨੇ ਚ ਇਕ ਪਟਵਾਰੀ ਮੈਡਮ ਨੂੰ ਛੱਡ ਕੇ ਬਾਕੀ ਸਾਰੇ ਗੈਰ ਹਾਜ਼ਰ ਸਨ ਅਤੇ ਪੂਰੀ ਤਹਿਸੀਲ ਵਿੱਚ ਸੁੰਨ ਪਸਰੀ ਹੋਈ ਸੀ। ਜਿਸ ਦੀ ਸ਼ਿਕਾਇਤ ਐੱਸ.ਡੀ.ਐੱਮ ਲੁਧਿਆਣਾ (ਪੱਛਮੀ), ਅਤੇ ਡੀ.ਸੀ ਲੁਧਿਆਣਾ ਨੂੰ ਕੀਤੀ। ਇੱਕ ਘੰਟੇ ਦੀ ਉਡੀਕ ਤੋਂ ਬਾਅਦ ਨਾਇਬ ਤਹਿਸੀਲਦਾਰ ਰਮਨ ਕੁਮਾਰ ਹਾਜ਼ਰ ਹੋਏ। ਜਿਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਕੋਰਟ ਵਿੱਚ ਕੇਸ ਦੇ ਮਾਮਲੇ ਨੂੰ ਲੈ ਕੇ ਗਿਆ ਸੀ ਉਸ ਕੋਲ ਇੱਕੋ-ਇੱਕ ਕਲਰਕ-ਕਮ-ਰੀਡਰ ਹੈ, ਵੀ ਕੋਰਟ ਗਿਆ ਹੋਇਆ ਹੈ। ਮਹੀਨੇ ਵਿੱਚ 15 ਕੋਰਟ ਕੇਸ ਮਾਣਯੋਗ ਅਦਾਲਤ ਵਿੱਚ ਲੱਗਦੇ ਹਨ, ਪਰ ਫਿਰ ਵੀ ਉਹ ਲੋਕਾਂ ਦੇ ਕੰਮ ਪਹਿਲ ਦਿੰਦਿਆ ਛੁੱਟੀ ਵਾਲੇ ਦਿਨ ਅਤੇ ਕੰਮਕਾਰ ਵਾਲੇ ਦਿਨ ਦੇਰ ਸ਼ਾਮ ਤੱਕ ਲੋਕਾਂ ਦੇ ਕੰਮ ਕਰਦੇ ਰਹਿੰਦੇ ਹਾਂ।
ਉਨ੍ਹਾਂ ਦੱਸਿਆ ਕਿ ਤਹਿਸੀਲ ਵਿੱਚ ਕੁਲ 8 ਪਟਵਾਰੀ ਹਨ 2 ਪਟਵਾਰੀ ਛੁੱਟੀ ਤੇ ਗਏ ਹਨ, ਇੱਕ ਪਟਵਾਰੀ ਕੋਰਟ ਗਿਆ ਹੋਇਆ ਸੀ ਜਦਕਿ ਬਾਕੀ ਚਾਰ ਗੈਰ ਹਾਜ਼ਰ ਪਟਵਾਰੀਆਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕੀਤਾ ਜਾਵੇਗਾ, ਉਹਨਾਂ ਦੀ ਜਵਾਬਦੇਹੀ ਉਪਰੰਤ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ. ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜਾਰੀ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਤਹਿਸੀਲ ਦੇ ਕਰਮਚਾਰੀਆਂ ਅਤੇ ਪਟਵਾਰੀਆਂ ਵੱਲੋਂ ਉਪਭੋਗਤਾਵਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹ ਖੱਜਲ-ਖੁਆਰ ਹੋ ਰਹੇ ਹਨ। ਇਹਨਾਂ ਦੀਆਂ ਮਨਮਾਨੀਆਂ ਤੋਂ ਦੁਖੀ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਸਨ ਜਿਸ ਨੂੰ ਆਧਾਰ ਬਣਾ ਕੇ ਅਚਨਚੇਤ ਚੈਕਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਕਿਉਂ ਨਾ ਰੱਖਦਾ ਹੋਵੇ ?

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment