ਮੋਦੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਸਮਰਥਨ ਕਰ ਰਹੀ ਹੈ ਅਮਰਿੰਦਰ ਸਰਕਾਰ ਦੀ ਕਮੇਟੀ-ਅਮਨ ਅਰੋੜਾ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਨੂੰ ਆਰਥਿਕ ਸੰਕਟ ‘ਚੋਂ ਕੱਢਣ ਲਈ ਅਮਰਿੰਦਰ ਸਿੰਘ ਸਰਕਾਰ ਵੱਲੋਂ ਨਾਮਵਰ ਆਰਥਿਕ ਮਾਹਿਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪੇਸ਼ ਕੀਤੀਆਂ ਮੁੱਢਲੀਆਂ ਸਿਫ਼ਾਰਿਸ਼ਾਂ ਨੂੰ ਪੰਜਾਬ ਵਿਰੋਧੀ ਕਰਾਰ ਦੇ ਕੇ ਪੂਰੀ ਤਰਾਂ ਰੱਦ ਕਰ ਦਿੱਤਾ ਹੈ।

ਬੁੱਧਵਾਰ ਨੂੰ ਇੱਥੇ ਮੀਡੀਆ ਦੇ ਰੂਬਰੂ ਹੋ ਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੌਂਟੇਕ ਸਿੰਘ ਆਹਲੂਵਾਲੀਆ ਵਾਲੀ ਕਮੇਟੀ ਗਠਿਤ ਤਾਂ ਅਮਰਿੰਦਰ ਸਿੰਘ ਸਰਕਾਰ ਨੇ ਕੀਤੀ ਹੈ, ਪਰੰਤੂ ਵਕਾਲਤ ਮੋਦੀ ਸਰਕਾਰ ਦੀਆਂ ਪੰਜਾਬ ਅਤੇ ਕਿਸਾਨ ਵਿਰੋਧੀ ਨੀਤੀਆਂ ਦੀ ਕਰ ਰਹੀ ਹੈ। ਇਸ ਲਈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨ ਕਿ ਉਹ ਕਿਸੇ ਮਜਬੂਰੀ ਹੇਠ ਮੋਦੀ ਸਰਕਾਰ ਮੂਹਰੇ ਗੋਡੇ ਟੇਕ ਰਹੀ ਹੈ?

ਅਮਨ ਅਰੋੜਾ ਨੇ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਮੁੱਢਲੀਆਂ ਸਿਫ਼ਾਰਿਸ਼ਾਂ ਕਿਸੇ ਵੀ ਪੱਖ ਤੋਂ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀਆਂ। ਅਮਨ ਅਰੋੜਾ ਮੁਤਾਬਿਕ, ” ਮੋਦੀ ਸਰਕਾਰ ਦੇ ਜਿਹੜੇ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿਲ-2020 ਵਿਰੁੱਧ ਅੱਜ ਪੂਰਾ ਪੰਜਾਬ ਸੜਕਾਂ ‘ਤੇ ਵਿਰੋਧ ਕਰ ਰਿਹਾ ਹੈ, ਆਹਲੂਵਾਲੀਆ ਕਮੇਟੀ ਆਪਣੀਆਂ ਸਿਫ਼ਾਰਿਸ਼ਾਂ ‘ਚ ਉਨ੍ਹਾਂ ਦੀ ਸ਼ਰੇਆਮ ਅਤੇ ਸਪਸ਼ਟ ਵਕਾਲਤ ਕਰ ਰਹੀ ਹੈ। ਜਿੰਨਾ ‘ਚ ਕਿਸਾਨਾਂ ਲਈ ਖੁੱਲ੍ਹੀ ਮੰਡੀ, ਵੱਡੇ ਸ਼ਹਿਰਾਂ ‘ਚ ਪ੍ਰਾਈਵੇਟ ਬਿਜਲੀ ਸਪਲਾਈ, ਕਿਸਾਨਾਂ ਨੂੰ ਮਿਲ ਰਹੀ ਬਿਜਲੀ ਸਬਸਿਡੀ ਦਾ ਵਿਰੋਧ, ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਕੇਲ ਅਤੇ ਸ਼ਰਾਬ ‘ਤੇ ਟੈਕਸ ਵਧਾਉਣ ਵਰਗੀਆਂ ਸਿਫ਼ਾਰਿਸ਼ਾਂ ਪ੍ਰਮੁੱਖ ਹਨ।” ਇਸ ਲਈ ਕੈਪਟਨ ਅਮਰਿੰਦਰ ਸਿੰਘ ਸਾਫ਼ ਕਰਨ ਕਿ ਪੰਜਾਬ ਸਰਕਾਰ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ‘ਤੇ ਕੀ ਸਟੈਂਡ ਰੱਖਦੀ ਹੈ।”

ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਹਲੂਵਾਲੀਆ ਕਮੇਟੀ ਦੀਆਂ ਮੁੱਢਲੀਆਂ ਸਿਫ਼ਾਰਿਸ਼ਾਂ ਇਹ ਪ੍ਰਭਾਵ ਦੇ ਰਹੀਆਂ ਹਨ ਕਿ ਮੋਦੀ ਸਰਕਾਰ ਦੇ ਕਿਸੇ ਗੁੱਝੇ ਦਬਾਅ ਥੱਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਰਾਹੀਂ ਮੋਦੀ ਸਰਕਾਰ ਦੀਆਂ ਸੰਘੀ ਢਾਂਚਾ ਵਿਰੋਧੀ, ਪੰਜਾਬ ਵਿਰੋਧੀ ਅਤੇ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਅਤੇ ਕਾਲੇ ਕਾਨੂੰਨ ਲਾਗੂ ਕਰਨ ਦੀ ਜ਼ਮੀਨ ਤਿਆਰ ਕਰਨ ਲੱਗੀ ਹੈ।

- Advertisement -

‘ਆਪ’ ਵਿਧਾਇਕ ਨੇ ਕਿਹਾ ਕਿ ਜੇਕਰ ਆਹਲੂਵਾਲੀਆ ਕਮੇਟੀ ਪੰਜਾਬ ਦੀਆਂ ਜ਼ਮੀਨੀ ਅਤੇ ਕੌੜੀਆਂ ਹਕੀਕਤਾਂ ਨੂੰ ਸਮਝ ਕੇ ਸਿਫ਼ਾਰਿਸ਼ਾਂ ਕਰਦੀ ਤਾਂ ਸਭ ਤੋਂ ਪਹਿਲੀ ਸਿਫ਼ਾਰਿਸ਼ ਸੂਬੇ ‘ਚੋਂ ਬਹੁਭਾਂਤੀ ਮਾਫ਼ੀਆ ਦੀ 25000 ਤੋਂ 30000 ਕਰੋੜ ਰੁਪਏ ਸਾਲਾਨਾ ਲੁੱਟ ਨੂੰ ਹਰ ਹੀਲੇ ਖ਼ਤਮ ਕਰਨ ਦੀ ਸਿਫ਼ਾਰਿਸ਼ ਕਰਦੀ, ਪਰੰਤੂ ਇਸ ਦੇ ਉਲਟ ਇਸ ਕਮੇਟੀ ਨੇ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ-ਨਾਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪੂਰਤੀ ਕਰਦੇ ਹੋਏ ਅੰਨ੍ਹੇਵਾਹ ਨਿੱਜੀਕਰਨ ਅਤੇ ਮਾਫ਼ੀਆ ਰਾਜ ਦੀ ਵਕਾਲਤ ਕੀਤੀ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਨਿੱਜੀ ਕੰਪਨੀਆਂ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਕਾਰਪੋਰੇਟ ਘਰਾਣਿਆਂ ਦਾ ਮੋਹਰਾ ਦੱਸਿਆ ਹੈ। ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੋਦੀ ਦੇ ਦਬਾਅ ‘ਚ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦੀ ਗੁਸਤਾਖ਼ੀ ਕੀਤੀ ਤਾਂ ਆਮ ਆਦਮੀ ਪਾਰਟੀ ਇਸ ਦਾ ਹੋਰ ਤਿੱਖਾ ਵਿਰੋਧ ਕਰੇਗੀ।

Share this Article
Leave a comment