ਐਡਮਿੰਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਵਿਚੋਂ ਇਕ ਵੱਲੋਂ ਟਰੂਡੋ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿਤੀ ਗਈ। ਆਰ.ਸੀ.ਐਮ.ਪੀ. ਵੱਲੋਂ ਦੋਹਾਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਧਮਕੀਆਂ ਦੇਣ ਵਾਲਿਆਂ ਵਿਚੋਂ ਇਕ ਦੀ ਉਮਰ 67 ਸਾਲ ਅਤੇ ਦੂਜੇ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ।
ਆਰ.ਸੀ.ਐਮ.ਪੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਡਮਿੰਟਨ ਦੇ ਵਸਨੀਕ 67 ਸਾਲਾ ਸ਼ੱਕੀ ਵਿਰੁੱਧ ਧਮਕੀਆਂ ਦੇਣ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਜਾਨੋ ਮਾਰਨ ਦੀਆਂ ਕਥਿਤ ਧਮਕੀਆਂ ਦੀ ਸ਼ਿਕਾਇਤ ਬੀਤੀ 7 ਜੂਨ ਨੂੰ ਆਰ.ਸੀ.ਐਮ.ਪੀ. ਕੋਲ ਪੁੱਜੀ ਅਤੇ 13 ਜੂਨ ਨੂੰ ਸ਼ੱਕੀ ਵਿਰੁੱਧ ਦੋਸ਼ ਆਇਦ ਕੀਤੇ ਗਏ ਜੋ ਵੀਰਵਾਰ ਨੂੰ ਐਡਮਿੰਟਨ ਦੀ ਅਦਾਲਤ ਵਿਚ ਪੇਸ਼ ਹੋਵੇਗਾ।
ਇਕ ਵੱਖਰੇ ਮਾਮਲੇ ਤਹਿਤ ਕੈਲਗਰੀ ਦੇ 23 ਸਾਲਾ ਸ਼ਖਸ ਵਿਰੁੱਧ 6 ਜੂਨ ਨੂੰ ਕਾਰਵਾਈ ਕੀਤੀ ਗਈ ਜਿਸ ਵੱਲੋਂ ਟਵਿਟਰ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ ਗਈ। ਉਹ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਹੋਵੇਗਾ।
ਇੱਥੇ ਦਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲੇ ਕਈ ਜਣਿਆਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਆਖਰੀ ਮਾਮਲਾ ਫਰਵਰੀ 2024 ਵਿਚ ਸਾਹਮਣੇ ਆਇਆ ਸੀ ਜਦੋਂ ਮੌਂਟਰੀਅਲ ਦੇ ਇਕ ਵਿਅਕਤੀ ਵਿਰੁੱਧ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ ਹਾਊਸ ਆਫ ਕਾਮਨਜ਼ ਦੋ ਅਧਿਕਾਰੀਆ ਦਾ ਕਹਿਣਾ ਹੈ ਕਿ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲਿਆਂ ‘ਚ ਪਿਛਲੇ ਪੰਜ ਸਾਲ ਦੌਰਾਨ 800 ਫੀ ਸਦੀ ਵਾਧਾ ਹੋ ਚੁੱਕਾ ਹੈ। ਆਰ.ਸੀ. ਐਮ.ਪੀ. ਦੇ ਸਹਾਇਕ ਕਮਿਸ਼ਨਰ ਵੱਲੋਂ ਹਾਲ ਹੀ ਵਿਚ ਦੱਸਿਆ ਗਿਆ ਕਿ ਸੁਰੱਖਿਆ ਮੰਗਣ ਵਾਲੇ ਐਮ.ਪੀਜ਼ ਦੀ ਗਿਣਤੀ 2018 ਮਗਰੋਂ ਦੁੱਗਣੀ ਹੋ ਚੁੱਕੀ ਹੈ।