ਵਿਦਿਆਰਥੀਆਂ ਨੂੰ ਤੰਗ ਕਰਨ ਲਈ ਕੈਨੇਡਾ ਦੇ ਮਕਾਨ ਮਾਲਕ ਨਹੀਂ ਛੱਡ ਰਹੇ ਕੋਈ ਕਸਰ, ਰੱਖਣ ਲੱਗੇ ਇੱਕ ਹੋਰ ਸ਼ਰਤ

Prabhjot Kaur
2 Min Read

ਟੋਰਾਂਟੋ: ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਪੁੱਜੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਇੱਕ ਪਾਸੇ ਵਿਦਿਆਰਥੀਆਂ ਨੂੰ ਰਿਹਾਇਸ਼ ਲੱਭਣੀ ਔਖੀ ਹੋ ਰਹੀ ਸੀ, ਉੱਥੇ ਹੀ ਹੁਣ ਮਕਾਨ ਮਾਲਕਾਂ ਨੇ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੈਨੇਡਾ ‘ਚ ਮਕਾਨ ਮਾਲਕਾਂ ਨੇ ਹੁਣ ਛੇ ਮਹੀਨੇ ਦਾ ਕਿਰਾਇਆ ਐਡਵਾਂਸ ਮੰਗਣਾ ਸ਼ੁਰੂ ਕਰ ਦਿੱਤਾ ਹੈ। ਮਕਾਨ ਮਾਲਕ ਬਹਾਨਾ ਬਣਾ ਰਹੇ ਹਨ ਕਿ ਜਿਹੜੇ ਵਿਦਿਆਰਥੀ ਗਾਰੰਟਰ ਨਹੀਂ ਦੇ ਸਕਦੇ, ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਵਿੱਚ 50,000 ਡਾਲਰ ਦੀ ਜਮ੍ਹਾਂ ਰਕਮ ਦਿਖਾਉਣੀ ਹੋਵੇਗੀ। ਦੂਜੇ ਪਾਸੇ ਕਾਨੂੰਨ ਇਸ ਚੀਜ਼ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਅਤੇ ਰੀਅਲ ਅਸਟੇਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਲੁੱਟਣ ਲਈ ਕੁਝ ਲੋਕ ਸਰਗਰਮ ਹੋ ਚੁੱਕੇ ਹਨ। ਰੀਅਲ ਅਸਟੇਟ ਕੌਂਸਲ ਆਫ਼ ਓਨਟਾਰੀਓ ਦੇ ਰਜਿਸਟਰਾਰ ਜੋਸਫ਼ ਰਿਚਰ ਨੇ ਕਿਹਾ ਹੈ ਕਿ ਕਾਨੂੰਨੀ ਤੌਰ ‘ਤੇ ਪਹਿਲੇ ਅਤੇ ਆਖਰੀ ਮਹੀਨੇ ਦਾ ਕਿਰਾਇਆ ਐਡਵਾਂਸ ਮੰਗਿਆ ਜਾ ਸਕਦਾ ਹੈ।

ਇੱਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਕਿਸੇ ਦੀ ਨਸਲ, ਜੱਦੀ ਮੁਲਕ ਜਾਂ ਉਮਰ ਦੇ ਆਧਾਰ ‘ਤੇ ਅਪਾਰਟਮੈਂਟ ਕਿਰਾਏ ‘ਤੇ ਦੇਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੂੰ ਅਜਿਹੇ ਹਾਲਾਤ ਦਾ ਟਾਕਰਾ ਕਰਨਾ ਪੈ ਰਿਹਾ ਹੈ, ਉਹ ਤੁਰੰਤ ਰੀਅਲ ਅਸਟੇਟ ਕੌਂਸਲ ਆਫ਼ ਓਨਟਾਰੀਓ ਕੋਲ ਸ਼ਿਕਾਇਤ ਦਾਖ਼ਲ ਕਰਨ। ਉੱਥੇ ਹੀ ਇੱਕ ਤਾਜ਼ਾ ਸਰਵੇਖਣ ‘ਚ ਕਿਹਾ ਗਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਜੂਨ ਵਿਚਾਲੇ ਕਿਰਾਏ ਲਈ ਖਾਲੀ ਮਕਾਨਾਂ ਦੀ ਗਿਣਤੀ ਘਟ ਕੇ ਸਿਰਫ਼ 1.4 ਫ਼ੀਸਦੀ ਰਹਿ ਗਈ ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 5.1 ਫ਼ੀਸਦੀ ਦਰਜ ਕੀਤੀ ਗਈ ਸੀ। ਕੈਨੇਡਾ ‘ਚ ਕਿਰਾਏ ਲਈ ਖਾਲੀ ਮਕਾਨ ਦੀ ਗਿਣਤੀ ਘੱਟਦੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment