ਕੈਨੇਡਾ ਸਰਕਾਰ ਹਵਾਈ ਮੁਸਾਫ਼ਰਾਂ ਦੇ ਹੱਕਾਂ ‘ਚ ਹੋਰ ਕਰੇਗੀ ਵਾਧਾ

Prabhjot Kaur
2 Min Read

ਟੋਰਾਂਟੋ: ਕੈਨੇਡਾ ਸਰਕਾਰ ਉਨ੍ਹਾਂ ਹਵਾਈ ਮੁਸਾਫ਼ਰਾਂ ਨੂੰ ਹੋਰ ਹੱਕ ਦੇਣ ‘ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਨੂੰ ਹਵਾਈ ਅੱਡਿਆਂ ’ਤੇ ਖੱਜਲ-ਖੁਆਰ ਹੋਣਾ ਪਿਆ। ਟ੍ਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕਿਹਾ ਕਿ ਮੁਸਾਫ਼ਰਾਂ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੋ ਸਨਵਿੰਗ ਵੱਲੋਂ ਕੀਤਾ ਗਿਆ।

ਸਸਕੈਚਵਨ ਦਾ ਇੱਕ ਪਰਿਵਾਰ ਨੂੰ ਤਾਂ ਫਲਾਈਟ ਰੱਦ ਹੋਣ ਕਾਰਨ ਇਕ ਹਫ਼ਤੇ ਤੱਕ ਕੈਲਗਰੀ ਵਿਖੇ ਫਸਿਆ ਰਿਹਾ ਅਤੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਟਿਕਟਾਂ ਖਰੀਦ ਕੇ ਮੰਜਿਲ ਵੱਲ ਰਵਾਨਾ ਹੋਣਾ ਪਿਆ ਤੇ ਸਨਵਿੰਗ ਦੇ ਕਿਸੇ ਨੁਮਾਇੰਦੇ ਨੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ। ਇਸ ਸਬੰਧੀ ਪੁੱਛੇ ਜਾਣ ‘ਤੇ ਓਮਰ ਅਲਗਬਰਾ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਹਵਾਈ ਮੁਸਾਫ਼ਰਾਂ ਦੇ ਹੱਕਾਂ ਦੀ ਰਾਖੀ ਕਰਦਿਆਂ 2019 ‘ਚ ਸਖ਼ਤ ਨਿਯਮ ਲਾਗੂ ਕੀਤੇ ਗਏ ਅਤੇ ਪਿਛਲੇ ਸਾਲ ਸਤੰਬਰ ਦੌਰਾਨ ਇਨ੍ਹਾਂ ‘ਚ ਸੋਧ ਕਰਦਿਆਂ ਮੁਆਵਜ਼ੇ ਦਾ ਪ੍ਰਬੰਧ ਵੀ ਕੀਤਾ ਗਿਆ।

ਦੱਸ ਦਈਏ ਕਿ ਹੁਣ ਮੌਸਮ ਦੀ ਖਰਾਬੀ ਕਾਰਨ ਫਲਾਈਟ ਰੱਦ ਹੋਣ ‘ਤੇ ਵੀ ਮੁਸਾਫ਼ਰ ਪੂਰੀ ਰਕਮ ਵਾਪਸ ਲੈਣ ਦੇ ਹੱਕਦਾਰ ਹਨ। ਟ੍ਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਮੁਸਾਫ਼ਰਾਂ ਦੇ ਹੱਕਾਂ ਦੀ ਰਾਖੀ ਲਈ ਸਾਡੇ ਕੋਲ ਕਾਨੂੰਨ ਮੌਜੂਦ ਹੈ ਪਰ ਇਸ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਅਲਗਬਰਾ ਨੇ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਵਸੇ ਮੁਸਾਫ਼ਰਾਂ ਨੂੰ ਸਨਵਿੰਗ ਮੁਆਵਜ਼ਾ ਦੇਣ ਲਈ ਵਚਨਬੱਧ ਹੈ। ਫੈਡਰਲ ਸਰਕਾਰ ਵੱਲੋਂ ਹੋਰ ਏਅਰਲਾਈਨਜ਼ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਕਿ ਛੁੱਟੀਆਂ ਦੌਰਾਨ ਸਮਾਨ ਗੁੰਮ ਹੋਣ ਸਣੇ ਮੁਸਾਫ਼ਰਾਂ ਸਾਹਮਣੇ ਆਈਆਂ ਹੋਰਨਾਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕੇ।

- Advertisement -

Share this Article
Leave a comment