ਕੈਨੇਡਾ ‘ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ‘ਤੇ ਕੋਰਟ ਸਖਤ, ਓਟਵਾ ‘ਚ ਹਾਰਨ ਦੀ ਵਰਤੋਂ ‘ਤੇ 10 ਦਿਨਾਂ ਲਈ ਪਾਬੰਦੀ

TeamGlobalPunjab
2 Min Read

ਟੋਰਾਂਟੋ- ਕੈਨੇਡਾ ਦੀ ਇੱਕ ਅਦਾਲਤ ਨੇ ਡਾਊਨਟਾਊਨ ਓਟਵਾ ‘ਚ ਵਾਹਨਾਂ ਦੇ ਹਾਰਨ ਦੀ ਵਰਤੋਂ ‘ਤੇ 10 ਦਿਨਾਂ ਲਈ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੁਣਵਾਈ ਦੌਰਾਨ, ਅਦਾਲਤ ਨੇ ਕਿਹਾ, “ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਹਾਰਨ ਵਜਾਉਣਾ ਕਿਸੇ ਨੇਕ ਵਿਚਾਰ ਦਾ ਪ੍ਰਗਟਾਵਾ ਨਹੀਂ ਹੈ,”। ਜੱਜ ਨੇ ਕਿਹਾ ਕਿ ਓਟਵਾ ਵਿੱਚ ਵਾਹਨਾਂ ਦੇ ਹਾਰਨ ਦੀ ਵਰਤੋਂ ‘ਤੇ ਹੁਕਮ 10 ਦਿਨਾਂ ਤੱਕ ਲਾਗੂ ਰਹੇਗਾ।

ਦੱਸ ਦੇਈਏ ਕਿ ਓਟਾਵਾ ਡਾਊਨਟਾਊਨ ਵਿੱਚ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਇਕੱਠੇ ਹੋ ਕੇ ਕੋਰੋਨਾ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦੇ ਹੁਕਮਾਂ ਦਾ ਵਿਰੋਧ ਕਰ ਰਹੇ ਹਨ, ਜੋ ਹੌਲੀ-ਹੌਲੀ ਸਰਕਾਰ ਵਿਰੋਧੀ ਅੰਦੋਲਨ ਵਿੱਚ ਬਦਲ ਗਿਆ ਹੈ। ਇਸ ਵਿੱਚ ਕਈ ਸਰਕਾਰ ਵਿਰੋਧੀ ਜਥੇਬੰਦੀਆਂ ਸ਼ਾਮਲ ਹੋ ਗਈਆਂ ਹਨ। ਓਟਵਾ ਦੇ ਸਥਾਨਕ ਲੋਕਾਂ ਨੇ ਇਸ ਵਿਰੋਧ ਨੂੰ ਲੈ ਕੇ ਕਰੋੜਾਂ ਡਾਲਰ ਦਾ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਧਰਨੇ ਕਾਰਨ ਉਨ੍ਹਾਂ ਦਾ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕੋਰੋਨਾ ਟੀਕਾਕਰਨ ਨੂੰ ਲਾਜ਼ਮੀ ਬਣਾਉਣ ਦੇ ਹੁਕਮਾਂ ਦਾ ਵਿਰੋਧ ਕਰਨ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਹੈ ਅਤੇ ਇਸ ਨੂੰ ਜਲਦੀ ਖ਼ਤਮ ਕਰਨ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਵਿਰੋਧ ਨੂੰ ਰੋਕਣ ਦੀ ਲੋੜ ਹੈ ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ ‘ਤੇ ਜ਼ੋਰ ਪੈ ਰਿਹਾ ਹੈ। ਇਸ ਦੇ ਨਾਲ ਹੀ ਇੱਕ ਦਿਨ ਪਹਿਲਾਂ ਮੇਅਰ ਜਿਮ ਵਾਟਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ।

ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਸਰਕਾਰ ਅਜਿਹੇ ਹੁਕਮ ਜਾਰੀ ਕਰਕੇ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਸ ਹੁਕਮ ਨੂੰ ਵਾਪਸ ਲਵੇ। ਵਿਰੋਧ ਕਾਰਨ ਪਿਛਲੇ ਹਫ਼ਤੇ ਓਟਵਾ ਵਿੱਚ ਹਾਈਵੇਅ ’ਤੇ ਲੰਬਾ ਟਰੈਫਿਕ ਜਾਮ ਲੱਗ ਗਿਆ ਸੀ। ਇਸ ਰੂਟ ‘ਤੇ ਹਜ਼ਾਰਾਂ ਟਰੱਕ ਅਜੇ ਵੀ ਮੌਜੂਦ ਹਨ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਹੁਕਮ ਕੋਰੋਨਾ ਦੀ ਮੌਜੂਦਾ ਲਹਿਰ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਇਸ ਨਾਲ ਜਾਨ ਬਚ ਸਕਦੀ ਹੈ।

- Advertisement -

Share this Article
Leave a comment