ਹੈਮਿਲਟਨ: ਕੈਨੇਡਾ ਸਰਕਾਰ ਨੇ ਵੱਡਾ ਐਲਾਨ ਕਰਦਿਆਂ ਦਾਅਵਾ ਕੀਤਾ ਹੈ ਕਿ ਪਾਸਪੋਰਟ ਅਰਜ਼ੀਆਂ ਦਾ ਵੱਡਾ ਬੈਕਲਾਗ ਖ਼ਤਮ ਹੋ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਵਿਸ ਕੈਨੇਡਾ ਕੋਲ ਲੱਗੇ 98 ਫ਼ੀਸਦੀ ਅਰਜ਼ੀਆਂ ਦੇ ਢੇਰ ਦਾ ਨਿਪਟਾਰਾ ਹੋ ਚੁੱਕਿਆ ਹੈ ਅਤੇ ਜਿਹੜੇ ਲੋਕ ਉਡੀਕ ‘ਚ ਬੈਠੇ ਹਨ, ਉਨ੍ਹਾਂ ਦੇ ਮਸਲੇ ਆਪ ਹੀ ਹੱਲ ਹੋ ਜਾਣਗੇ। ਹੈਮਿਲਟਨ ਵਿਖੇ ਕੈਬਨਿਟ ਮੰਤਰੀਆਂ ਦੀ ਬੈਠਕ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੌਲਡ ਨੇ ਕਿਹਾ ਕਿ ਕੈਨੇਡਾ ਵਾਸੀ ਹੁਣ ਯਕੀਨ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਸਮੇਂ ‘ਤੇ ਪਾਸਪੋਰਟ ਮਿਲ ਜਾਵੇਗਾ।
ਕਰੀਨਾ ਗੌਲਡ ਨੇ ਅੱਗੇ ਕਿਹਾ ਕਿ ਆਉਣ ਵਾਲੇ ਕੁਝ ਸਾਲ ਦੌਰਾਨ ਵੱਡੀ ਗਿਣਤੀ ‘ਚ ਕੈਨੇਡੀਅਨ ਪਾਸਪੋਰਟ ਅਰਜ਼ੀਆਂ ਦਾਖ਼ਲ ਕਰਨਗੇ ਕਿਉਂਕਿ 10 ਸਾਲ ਦੀ ਮਿਆਦ ਵਾਲੇ ਪਹਿਲੇ ਪਾਸਪੋਰਟ ਇਸ ਸਾਲ ਜੁਲਾਈ ‘ਚ ਐਕਸਪਾਇਰ ਹੋਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਾਲ ਦੌਰਾਨ ਸਰਵਿਸ ਕੈਨੇਡਾ ਵੱਲੋਂ ਲਗਭਗ 35 ਲੱਖ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਹ ਅੰਕੜਾ ਪਿਛਲੇ ਸਾਲ ਨਿਪਟਾਈਆਂ ਅਰਜ਼ੀਆਂ ਤੋਂ ਦੁੱਗਣਾ ਬਣਦਾ ਹੈ। ਆਉਣ ਵਾਲੇ ਕੁਝ ਸਾਲ ਦੌਰਾਨ ਹਰ ਸਾਲ 30 ਲੱਖ ਤੋਂ 50 ਲੱਖ ਪਾਸਪੋਰਟ ਅਰਜ਼ੀਆਂ ਸਰਵਿਸ ਕੈਨੇਡਾ ਕੋਲ ਪੁੱਜ ਸਕਦੀਆਂ ਹਨ।
ਉੱਥੇ ਹੀ ਸਮਾਜਿਕ ਵਿਕਾਸ ਮੰਤਰੀ ਨੇ ਇਹ ਵੀ ਦੱਸਿਆ ਕਿ ਆਉਂਦੀ ਬਸੰਤ ਰੁੱਤ ਦੌਰਾਨ ਸਰਵਿਸ ਕੈਨੇਡਾ ਵੱਲੋਂ ਪਾਸਪੋਰਟ ਅਰਜ਼ੀਆਂ ਦਾ ਬਿਹਤਰ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇਗਾ ਕਿਉਂਕਿ ਪਿਛਲੇ ਸਾਲ 80 ਤੋਂ 85 ਫ਼ੀਸਦੀ ਅਰਜ਼ੀਆਂ ਅਜਿਹੇ ਬਿਨੈਕਾਰਾਂ ਨੇ ਦਾਖਲ ਕੀਤੀਆਂ ਜਿਨ੍ਹਾਂ ਕੋਲ ਪਹਿਲਾਂ ਪਾਸਪੋਰਟ ਹੈ ਹੀ ਨਹੀਂ ਸੀ। ਬਿਨੈਕਾਰਾਂ ਨੂੰ ਸਾਰੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਮਹਿਸੂਸ ਹੋਈ। ਭਾਵੇਂ ਇਸ ਵੇਲੇ ਪਾਸਪੋਰਟ ਦਫਤਰਾਂ ‘ਚ ਭੀੜ ਖ਼ਤਮ ਹੋ ਚੁੱਕੀ ਹੈ ਅਤੇ ਸਮੇਂ ਸਿਰ ਅਰਜ਼ੀਆਂ ਦਾ ਨਿਪਟਾਰਾ ਹੋ ਰਿਹਾ ਹੈ ਪਰ ਸਮਾਜਿਕ ਵਿਕਾਸ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਫ਼ਰ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪਾਸਪੋਰਟ ਦੀ ਮਿਆਦ ਲੰਘਣ ਦੀ ਤਰੀਕ ਲਾਜ਼ਮੀ ਤੌਰ ‘ਤੇ ਦੇਖ ਲੈਣ ਅਤੇ ਕਿਸੇ ਵੀ ਕਿਸਮ ਦੀ ਸਮੱਸਿਆ ਤੋਂ ਬਚਣ ਲਈ ਪਹਿਲਾਂ ਹੀ ਪਾਸਪੋਰਟ ਨਵਿਆਉਣ ਜਾਂ ਬਣਾਉਣ ਦੀ ਅਰਜ਼ੀ ਦਾਖ਼ਲ ਕਰ ਦਿੱਤੀ ਜਾਵੇ।