ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਓਡੀਸ਼ਾ ‘ਚ ਹੋਏ ਰੇਲ ਹਾਦਸੇ ‘ਤੇ ਪ੍ਰਗਟ ਕੀਤਾ ਦੁੱਖ

Rajneet Kaur
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਓਡੀਸ਼ਾ ‘ਚ ਹੋਏ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਉਹ ਬਹੁਤ ਦੁਖੀ ਹਨ। ਦੱਸ ਦਈਏ ਕਿ ਇਸ ਹਾਦਸੇ ‘ਚ ਹੁਣ ਤੱਕ ਕਰੀਬ 288 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1100 ਤੋਂ ਜ਼ਿਆਦਾ ਜ਼ਖਮੀ ਹੋ ਗਏ।  ਬਾਇਡਨ ਨੇ ਕਿਹਾ ਕਿ ਮੈਂ ਅਤੇ ਅਮਰੀਕੀ ਪ੍ਰਥਮ ਮਹਿਲਾ ਜਿਲ ਬਾਇਡਨ ਰੇਲ ਹਾਦਸੇ ਦੀ ਖਬਰ ਤੋਂ ਦੁਖੀ ਹਨ। ਸਾਡੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਇਸ ਭਿਆਨਕ ਘਟਨਾ ‘ਚ ਜ਼ਖਮੀ ਹੋਏ ਅਤੇ ਜਿਨ੍ਹਾਂ ਨੇ ਅਪਣਿਆਂ ਨੂੰ ਗੁਆ ਦਿਤਾ।

ਬਾਇਡਨ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਮਜ਼ਬੂਤ ​​ਸਬੰਧ ਹਨ। ਸੱਭਿਆਚਾਰਕ ਅਤੇ ਪਰਿਵਾਰਕ ਪੱਖੋਂ ਦੋਵੇਂ ਦੇਸ਼ ਇੱਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਲੋਕ ਭਾਰਤ ‘ਚ ਹੋਏ ਹਾਦਸੇ ‘ਤੇ ਸੋਗ ਮਨਾ ਰਹੇ ਹਨ। ਅਮਰੀਕਾ ਇਸ ਦੁੱਖ ਦੀ ਘੜੀ ਵਿੱਚ ਭਾਰਤ ਦੇ ਲੋਕਾਂ ਨਾਲ ਖੜ੍ਹਾ ਹੈ। ਓਡੀਸ਼ਾ ਦੇ ਬਾਲਾਸੋਰ ਦੇ ਬਹਾਨਾਗਾ ਬਾਜ਼ਾਰ ‘ਚ ਸ਼ੁੱਕਰਵਾਰ ਨੂੰ ਹੋਏ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ। 1175 ਜ਼ਖਮੀਆਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ 793 ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 382 ਦਾ ਇਲਾਜ ਚੱਲ ਰਿਹਾ ਹੈ। ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment