ਪਾਕਿਸਤਾਨ ‘ਚ ਚਲਦੀ ਟਰੇਨ ਨੂੰ ਲੱਗੀ ਭਿਆਨਕ ਅੱਗ!

TeamGlobalPunjab
2 Min Read

ਇਸ ਵੇਲੇ ਦੀ ਵੱਡੀ ਖ਼ਬਰ ਪਾਕਿਸਤਾਨ ਤੋਂ ਆ ਰਹੀ ਹੈ ਜਿੱਥੇ ਪਾਕਿਸਤਾਨ ਦੀ ‘ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ’ ‘ਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ 65 ਤੋਂ ਜ਼ਿਆਦਾ ਮੁਸਾਫਿਰਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਮੁਸਾਫਰ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ  ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੇਲਵੇ ਮੁਸਾਫਿਰਾਂ ਮੁਤਾਬਿਕ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਗੈਸ ਸਿਲੰਡਰ ‘ਚ ਧਮਾਕਾ ਹੋਇਆ ਅਤੇ ਟਰੇਨ ਦੀਆਂ 3 ਬੋਗੀਆਂ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ‘ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ’ ਰਹੀਮ ਯਾਰ ਖਾਨ ਰੇਲਵੇ ਸਟੇਸ਼ਨ ਦੇ ਨੇੜੇ ਲਿਆਕਤਪੁਰ ਕੋਲ ਪੁੱਜੀ ਹੀ ਸੀ ਕਿ ਇਸ ‘ਚ ਧਮਾਕਾ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਮੁਸਾਫਿਰਾਂ ਨੂੰ ਭੱਜਣ ਦਾ ਸਮਾਂ ਨਹੀਂ ਮਿਲ ਸਕਿਆ,ਪਰ ਕੁੱਝ ਮੁਸਾਫਿਰਾਂ ਨੇ ਚਲਦੀ ਟਰੇਨ ‘ਚੋਂ ਛਾਲਾਂ ਮਾਰ ਦਿੱਤੀਆਂ।

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਮੁਤਾਬਿਕ ਇਹ ਅੱਗ ਉਸ ਵੇਲੇ ਲੱਗੀ ਜਦੋਂ ਮੁਸਾਫਿਰਾਂ ਦੇ ਨਾਸ਼ਤੇ ਦੀ ਤਿਆਰੀ ਕੀਤੀ ਜਾ ਰਹੀ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਟਰੇਨ ‘ਚ ਸਵਾਰ ਕਾਫੀ ਮੁਸਾਫਿਰ ਸੌਂ ਰਹੇ ਸਨ। ਅੱਗ ਦੀ ਚਪੇਟ ‘ਚ ਆਉਣ ਕਾਰਨ ਮੌਕੇ ‘ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ ਜਦਕਿ ਕੁਝ ਗੰਭੀਰ ਜ਼ਖਮੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਹਾਦਸੇ ‘ਤੇ ਦੁੱਖ ਜਤਾਇਆ ਅਤੇ ਅਧਿਕਾਰੀਆਂ ਨੂੰ ਜ਼ਖਮੀ ਮੁਸਾਫਿਰਾਂ ਦੇ ਵਧੀਆ ਇਲਾਜ ਦੇ ਹੁਕਮ ਦਿੱਤੇ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਤੇ ਰਾਹਤ ਬਚਾਅ ਕਰਮਚਾਰੀਆਂ ਨੇ ਟਰੇਨ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਗੰਭੀਰ ਰੂਪ ਨਾਲ ਝੁਲਸੇ ਯਾਤਰੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ। ਫਿਲਹਾਲ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

Share this Article
Leave a comment