ਕੈਨੇਡਾ ‘ਚ ਮਹਿੰਗਾਈ ਦਾ ਪਿਛਲੇ 30 ਸਾਲ ਦਾ ਟੁੱਟਿਆ ਰਿਕਾਰਡ

TeamGlobalPunjab
2 Min Read

ਓਟਵਾ: ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਮੁਲਕ ਦੀ ਮਹਿੰਗਾਈ ਦਰ 5.7 ਫ਼ੀਸਦੀ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਮਹਿੰਗਾਈ ਨੇ ਪਿਛਲੇ 3 ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਅਗਸਤ 1991 ਤੋਂ ਬਾਅਦ ਪਹਿਲੀ ਵਾਰੀ ਮਹਿੰਗਾਈ ਦਰ ਇਸ ਪੱਧਰ ‘ਤੇ ਪਹੁੰਚੀ ਦਰਜ ਹੋਈ ਹੈ। ਜਨਵਰੀ ਵਿਚ ਮਹਿੰਗਾਈ 5.1 ਫ਼ੀਸਦੀ ਦਰਜ ਹੋਈ ਸੀ ਅਤੇ ਅਰਥਸ਼ਾਸਤਰੀਆਂ ਨੇ ਫਰਵਰੀ ਵਿਚ ਮਹਿੰਗਾਈ ਦਰ ਦੇ 5.5 ਫ਼ੀਸਦੀ ਹੋਣ ਦਾ ਅਨੁਮਾਨ ਲਗਾਇਆ ਸੀ।

ਗੈਸ ਦੀਆਂ ਕੀਮਤਾਂ ‘ਚ ਹੋਏ ਵਾਧੇ ਨੇ ਮਹਿੰਗਾਈ ਦਰ ਵਿਚ ਵੱਡਾ ਯੋਗਦਾਨ ਪਾਇਆ। ਫ਼ਰਵਰੀ 2021 ਦੇ ਮੁਕਾਬਲੇ ਗੈਸ ਕੀਮਤਾਂ ਵਿਚ 32.3 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਪਿਛਲੇ ਇੱਕ ਮਹੀਨੇ ਵਿਚ ਹੀ ਗੈਸ ਦੀਆਂ ਕੀਮਤਾਂ ਵਿਚ 6.9 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ। ਯੂਕਰੇਨ ‘ਚ ਚਲ ਰਹੇ ਸੰਕਟ ਤੋਂ ਬਾਅਦ ਵਿਸ਼ਵ ਭਰ ਵਿਚ ਹੀ ਤੇਲ ਦੀ ਸਪਲਾਈ ਦੀ ਅਨਿਸ਼ਚਿਤਤਾ ਨੇ ਵੀ ਗੈਸ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਕੀਤਾ ਹੈ।

ਗੈਸ ਦੀਆਂ ਕੀਮਤਾਂ ਵਿਚ ਵਾਧੇ ਦਾ ਅਸਰ ਗ੍ਰੋਸਰੀ ਸਟੋਰਾਂ ‘ਤੇ ਵੀ ਪਿਆ ਅਤੇ ਗ੍ਰੋਸਰੀ ਦੀਆਂ ਕੀਮਤਾਂ ਵਿਚ 7.4 ਫ਼ੀਸਦੀ ਦਾ ਵਾਧਾ ਦਰਜ ਹੋਇਆ, ਜੋ ਕਿ ਮਈ 2009 ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਹੈ।

ਉੱਥੇ ਹੀ ਰਿਹਾਇਸ਼ ਦੀਆਂ ਕੀਮਤਾਂ, ਜਿਸ ਵਿਚ ਘਰਾਂ ਅਤੇ ਕਿਰਾਏ ਦੇ ਯੂਨਿਟਸ ਦੀਆਂ ਕੀਮਤਾਂ ਸ਼ਾਮਲ ਹਨ, ਵਿਚ ਵਾਧੇ ਨੇ ਵੀ ਮਹਿੰਗਾਈ ਦਰ ਨੂੰ ਉੱਪਰ ਵੱਲ ਧੱਕ ਦਿੱਤਾ ਹੈ। ਪਿਛਲੇ ਇੱਕ ਸਾਲ ਵਿਚ ਰਿਹਾਇਸ਼ ਦੀਆਂ ਕੀਮਤਾਂ ਵਿਚ 6.6 ਫ਼ੀਸਦੀ ਵਾਧਾ ਦਰਜ ਹੋ ਚੁੱਕਾ ਹੈ। ਅਗਸਤ 1983 ਤੋਂ ਬਾਅਦ ਪਹਿਲੀ ਵਾਰੀ ਰਿਹਾਇਸ਼ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵਧੀਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment