ਕੈਨੇਡਾ ਦੀ ਪੀ.ਆਰ. ਉਡੀਕ ਰਹੇ ਪਰਵਾਸੀਆਂ ਲਈ ਖੁਸ਼ਖਬਰੀ

Prabhjot Kaur
2 Min Read

ਓਟਵਾ: ਕੈਨੇਡਾ ਦੀ ਪੀ.ਆਰ. ਉਡੀਕ ਰਹੇ ਪਰਵਾਸੀਆਂ ਨੂੰ ਜਲਦ ਹੀ ਖੁਸ਼ਖਬਰੀ ਮਿਲੇਗੀ, ਕਿਉਂਕਿ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ‘ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਅਰਜ਼ੀਆਂ ਦਾ ਬੈਕਲਾਗ 24 ਲੱਖ ਤੋਂ ਘੱਟ ਕੇ 21 ਲੱਖ ‘ਤੇ ਪੁੱਜ ਗਿਆ ਹੈ। ਇਸ ਦੌਰਾਨ ਪੀ.ਆਰ. ਦੀਆਂ ਅਰਜ਼ੀਆਂ ‘ਚ ਥੋੜਾ ਵਾਧਾ ਹੋਇਆ, ਪਰ ਸਿਟੀਜ਼ਨਸ਼ਿਪ ਤੇ ਟੈਂਪਰੇਰੀ ਰੇਜ਼ੀਡੈਂਟ ਵਾਲੀਆਂ ਅਰਜ਼ੀਆਂ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ।

ਆਈਆਰਸੀਸੀ ਭਾਵ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਤਾਜ਼ਾ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ ਅਰਜ਼ੀਆਂ ਦਾ ਬੈਕਲਾਗ ਘਟ ਕੇ ਮੌਜੂਦਾ ਸਮੇਂ ਤਿੰਨ ਜਨਵਰੀ ਤੱਕ 21 ਲੱਖ ‘ਤੇ ਪੁੱਜ ਚੁੱਕਾ ਹੈ, ਜਿਹੜਾ ਬੀਤੇ ਦਸੰਬਰ ਮਹੀਨੇ ਵਿੱਚ 22 ਲੱਖ ਤੋਂ ਉਪਰ ਸੀ।

ਜੇਕਰ ਪਿਛਲੇ ਅੰਕੜਿਆਂ ਦੀ ਗੱਲ ਕਰੀਏ ਤਾਂ 6 ਜੁਲਾਈ 2021 ਨੂੰ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 14 ਲੱਖ 47 ਹਜ਼ਾਰ 474 ‘ਤੇ ਸੀ। ਉਸ ਤੋਂ ਬਾਅਦ ਇਹ ਵਧਣਾ ਸ਼ੁਰੂ ਹੋਇਆ ਤੇ 27 ਅਕਤੂਬਰ 2021 ਨੂੰ ਇਸ ਦੀ ਗਿਣਤੀ 17 ਲੱਖ 92 ਹਜ਼ਾਰ 404 ‘ਤੇ ਪੁੱਜ ਗਈ। 15 ਦਸੰਬਰ 2021 ਤੱਕ ਆਉਂਦਿਆਂ ਅਰਜ਼ੀਆਂ ਦਾ ਬੈਕਲਾਗ 18 ਲੱਖ 13 ਹਜ਼ਾਰ 144 ‘ਤੇ ਪੁੱਜ ਗਿਆ। ਇਸ ਤੋਂ ਬਾਅਦ 1 ਫਰਵਰੀ 2022 ਨੂੰ ਇਹ ਅਰਜ਼ੀਆਂ 18 ਲੱਖ 15 ਹਜ਼ਾਰ 628 ‘ਤੇ ਪੁੱਜ ਗਈਆਂ। 15 ਮਾਰਚ 2022 ਨੂੰ 18 ਲੱਖ 44 ਹਜ਼ਾਰ 424 ਬੈਕਲਾਗ ਹੋਇਆ। ਉਸ ਤੋਂ ਬਾਅਦ ਇਨ੍ਹਾਂ ਅਰਜ਼ੀਆਂ ਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵਧੀ। ਸਿਰਫ਼ ਇੱਕ ਮਹੀਨੇ ਵਿੱਚ ਹੀ ਇਨ੍ਹਾਂ ਵਿੱਚ 2 ਲੱਖ ਦਾ ਵਾਧਾ ਦੇਖਣ ਨੂੰ ਮਿਲਿਆ। 31 ਅਗਸਤ 2022 ਨੂੰ ਇਨ੍ਹਾਂ ਅਰਜ਼ੀਆਂ ਦੀ ਗਿਣਤੀ ਘੱਟ ਕੇ 25 ਲੱਖ 83 ਹਜ਼ਾਰ 827 ‘ਤੇ ਪੁੱਜ ਗਈ। ਇਸ ਤੋਂ ਬਾਅਦ ਸਤੰਬਰ ਫਿਰ ਥੋੜਾ ਜਿਹਾ ਵਾਧਾ ਹੋਇਆ। ਇਸ ਦੇ ਚਲਦਿਆਂ 30 ਸਤੰਬਰ ਨੂੰ 26 ਲੱਖ ਅਰਜ਼ੀਆਂ ਦਾ ਅੰਕੜਾ ਨੋਟ ਕੀਤਾ ਗਿਆ। ਇਸ ਮਗਰੋਂ ਨਵੰਬਰ ‘ਚ 24 ਲੱਖ 11 ਹਜ਼ਾਰ 388, ਦਸੰਬਰ ‘ਚ 22 ਲੱਖ 43 ਹਜ਼ਾਰ 97 ਤੇ ਜਨਵਰੀ ਮਹੀਨੇ ਤੱਕ ਆਉਂਦਿਆਂ ਇਹ ਅਰਜ਼ੀਆਂ 21 ਲੱਖ 52 ਹਜ਼ਾਰ 220 ‘ਤੇ ਪੁੱਜ ਗਈਆਂ। ਕੁੱਲ ਮਿਲਾ ਕੇ ਹੁਣ ਸਾਰੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Share this Article
Leave a comment