ਫ਼ਾਰਮਾਕੇਅਰ ਬਿੱਲ ਨੂੰ ਲੈ ਕੇ ਜਗਮੀਤ ਸਿੰਘ ਦੀ ਟਰੂਡੋ ਨੂੰ ਚਿਤਾਵਨੀ

Prabhjot Kaur
2 Min Read

ਓਟਵਾ: ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਸਾਲ ਦੌਰਾਨ ਫ਼ਾਰਮਾਕੇਅਰ ਬਿੱਲ ਪਾਸ ਨਹੀਂ ਹੁੰਦਾ ਤਾਂ ਘੱਟ ਗਿਣਤੀ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਜਾਵੇਗੀ।

ਐਨ.ਡੀ.ਪੀ. ਦੇ ਪਾਰਲੀਮੈਂਟ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ, “ਸਾਡੀ ਪਾਰਟੀ ਨੇ 2025 ਤੱਕ ਘੱਟ ਗਿਣਤੀ ਲਿਬਰਲ ਸਰਕਾਰ ਦੀ ਹਮਾਇਤ ਕਰਨ ਦੀ ਸੰਧੀ ਕੀਤੀ ਸੀ ਅਤੇ ਇਸ ਦੇ ਇਵਜ਼ ਵਿੱਚ ਟਰੂਡੋ ਸਰਕਾਰ ਨੇ ਕਈ ਫ਼ਰਜ਼ ਨਿਭਾਉਣ ਦਾ ਵਾਅਦਾ ਕੀਤਾ। ਇਨ੍ਹਾਂ ਫ਼ਰਜ਼ਾਂ ਵਿੱਚ ਫ਼ਾਰਮਾਕੇਅਰ ਬਿੱਲ ਪਾਸ ਕਰਨਾ ਵੀ ਸ਼ਾਮਲ ਹੈ। ਅਸੀਂ ਚਾਹੁੰਦੇ ਹਾਂ ਕਿ ਫ਼ਾਰਮਾਕੇਅਰ ਦਾ ਖਰੜਾ ਸੰਸਦ ਵਿੱਚ ਪੇਸ਼ ਕੀਤਾ ਜਾਵੇ ਅਤੇ ਸਾਲ ਖ਼ਤਮ ਹੋਣ ਤੋਂ ਪਹਿਲਾਂ ਇਸ ਨੂੰ ਪਾਸ ਕਰ ਦਿੱਤਾ ਜਾਵੇ। ਸੰਧੀ ਕਰਦਿਆਂ ਫ਼ਾਰਮਾਕੇਅਰ ਅਤੇ ਹੋਰ ਕਈ ਮਸਲਿਆਂ ਨੂੰ ਸਭ ਤੋਂ ਉਪਰ ਰੱਖਿਆ ਗਿਆ ਅਤੇ ਹੁਣ ਸਾਡੀ ਪਾਰਟੀ ਵਾਅਦਿਆਂ ਉਪਰ ਅਮਲ ਚਾਹੁੰਦੀ ਹੈ। ਪਰ ਜੇ ਲਿਬਰਲ ਪਾਰਟੀ ਵਾਅਦਿਆਂ ‘ਤੇ ਖਰੀ ਨਹੀਂ ਉਤਰਦੀ ਤਾਂ ਸਾਡੇ ਕੋਲ ਹਮਾਇਤ ਵਾਪਸ ਲੈਣ ਦੀ ਤਾਕਤ ਜਾਂ ਬਦਲ ਮੌਜੂਦ ਹੈ।”

ਉਧਰ ਸਿਹਤ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਲਿਬਰਲ ਸਰਕਾਰ ਫ਼ਾਰਮਾਕੇਅਰ ਪ੍ਰਤੀ ਵਚਨਬੱਧ ਹੈ ਅਤੇ ਇਸ ਦੀ ਸਿਰਜਣਾ ਵਾਸਤੇ ਸੂਬਾ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਕੈਨੇਡਾ ਫਾਰਮਾਕੇਅਰ ਐਕਟ ਮੌਜੂਦਾ ਵਰੇ ਵਿੱਚ ਪੇਸ਼ ਕਰਨ ਲਈ ਅਹਿਮ ਕਦਮ ਉਠਾਏ ਜਾ ਰਹੇ ਹਨ ਪਰ ਇਹ ਕਦੋਂ ਤੱਕ ਪੇਸ਼ ਕੀਤਾ ਜਾਵੇਗਾ, ਇਸ ਬਾਰੇ ਸਿਹਤ ਮੰਤਰਾਲੇ ਵੱਲੋਂ ਕਿਸੇ ਸਮਾਂ ਹੱਦ ਦਾ ਜ਼ਿਕਰ ਨਹੀਂ ਕੀਤਾ ਗਿਆ।

Share this Article
Leave a comment