ਕੈਨੇਡਾ ਸਰਕਾਰ ਲਿਆ ਰਹੀ ਐ ਨਵੀਂ ਸਟੱਡੀ ਵੀਜ਼ਾ ਨੀਤੀ, ਪੈਦਾ ਹੋਣਗੀਆਂ ਨਵੀਆਂ ਮੁਸ਼ਕਲਾਂ

Global Team
3 Min Read

ਟੋਰਾਂਟੋ: ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਨੂੰ ਲੈ ਕੇ ਨਵੀਂ ਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਜਾਂ ਐਲਬਰਟਾ ਵਰਗੇ ਚੋਣਵੇਂ ਸੂਬਿਆਂ ਦੀ ਬਜਾਏ ਮੁਲਕ ਦੇ ਹਰ ਖਿਤੇ ‘ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਹਦਾਇਤਾਂ ਮੁਤਾਬਕ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਤਿਆਰ ਨੀਤੀ ਤਹਿਤ ਚੋਣਵੇਂ ਰਾਜਾਂ ਵਿੱਚ ਸਟੱਡੀ ਵੀਜ਼ਾ ਦੀ ਗਿਣਤੀ ਸੀਮਤ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੰਜਾਬੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਜਿਨ੍ਹਾਂ ਦੀ ਡਿਪੋਰਟੇਸ਼ਨ ‘ਤੇ ਭਾਵੇਂ ਰੋਕ ਲੱਗ ਚੁੱਕੀ ਹੈ ਪਰ ਹੁਣ ਉਨ੍ਹਾਂ ਦੇ ਕੈਨੇਡਾ ਆਉਣ ਦੇ ਮਕਸਦ ਬਾਰੇ ਪੜਤਾਲ ਕੀਤੀ ਜਾਵੇਗੀ।

ਇਮੀਗ੍ਰੇਸ਼ਨ ਮੰਤਰੀ ਵੱਲੋਂ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਹਰ ਵਿਦਿਆਰਥੀ ਦਾ ਮਾਮਲਾ ਵੱਖਰੇ ਤੌਰ ‘ਤੇ ਵਿਚਾਰੇਗੀ ਅਤੇ ਤੈਅ ਕੀਤਾ ਜਾਵੇਗਾ ਕਿ ਉਹ ਪੜ੍ਹਾਈ ਕਰਨ ਦੇ ਇਰਾਦੇ ਨਾਲ ਕੈਨੇਡਾ ਆਇਆ ਜਾਂ ਸਿਰਫ਼ ਇੱਥੇ ਵਸਣਾ ਹੀ ਉਸ ਦਾ ਮਕਸਦ ਸੀ। ਅਜਿਹੇ ‘ਚ ਜ਼ਿਆਦਾਤਰ ਪੰਜਾਬੀ ਵਿਦਿਆਰਥੀ ਮੁੜ ਡਿਪੋਰਟੇਸ਼ਨ ਦੇ ਘੇਰੇ ‘ਚ ਆ ਸਕਦੇ ਹਨ, ਕਿਉਂਕਿ ਉਨ੍ਹਾਂ ਲਈ ਇਹ ਸਾਬਤ ਕਰਨਾ ਔਖਾ ਜਾਵੇਗਾ ਕਿ ਉਹ ਸਿਰਫ਼ ਪੜ੍ਹਾਈ ਕਰਨ ਦੇ ਮਕਸਦ ਨਾਲ ਕੈਨੇਡਾ ਪੁੱਜੇ।

ਦੂਜੇ ਪਾਸੇ ਟਰੂਡੋ ਸਰਕਾਰ ਦੀ ਨਵੀਂ ਨੀਤੀ ਉਨ੍ਹਾਂ ਰਾਜਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ‘ਚ ਸਹਾਈ ਹੋਵੇਗੀ ਜਿਥੇ ਵਿਦਿਆਰਥੀ ਜਾਣਾ ਹੀ ਨਹੀਂ ਚਾਹੁੰਦੇ। ਕੈਨੇਡਾ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਓਨਟਾਰੀਓ, ਬੀ.ਸੀ. ਅਤੇ ਐਲਬਰਟਾ ਨੂੰ ਤਰਜੀਹ ਦਿੰਦੇ ਹਨ ਜਿਥੇ ਪੰਜਾਬੀਆਂ ਦੀ ਆਬਾਦੀ ਸਭ ਤੋਂ ਵੱਧ ਹੈ ਪਰ ਪ੍ਰਿੰਸ ਐਡਰਵਡਰ ਆਇਲੈਂਡ, ਨਿਊਫ਼ਾਊਂਡੈਂਡ ਐਂਡ ਲੈਬਰਾਡੌਰ, ਨਿਊ ਬਨਜ਼ਵਿਕ ਅਤੇ ਯੂਕੌਨ ਵਰਗੇ ਰਾਜਾਂ ਅਤੇ ਖਿਤਿਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ। ਬੀਤੇ ਫਰਵਰੀ ਮਹੀਨੇ ਤੱਕ ਕੈਨੇਡਾ ਵਿਚ 8 ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਮੌਜੂਦ ਸਨ ਪਰ ਇਨ੍ਹਾਂ ਵਿਚੋਂ ਵੱਡੀ ਗਿਣਤੀ ਸੰਘਣੀ ਆਬਾਦੀ ਵਾਲੇ ਰਾਜਾਂ ‘ਚ ਹੀ ਦਰਜ ਕੀਤੀ ਗਈ। ਭਾਰਤੀ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2 ਲੱਖ 21 ਹਜ਼ਾਰ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ ਅਤੇ 2019 ਮਗਰੋਂ ਇਹ ਗਿਣਤੀ ਤਿੰਨ ਗੁਣਾ ਹੋ ਚੁੱਕੀ ਹੈ। ਭਾਰਤੀ ਵਿਦਿਆਰਥੀ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਨੇੜੇ ਰਹਿਣ ਦੇ ਇਰਾਦੇ ਨਾਲ ਚੋਣਵੇਂ ਰਾਜਾਂ ਨੂੰ ਹੀ ਤਰਜੀਹ ਦਿੰਦੇ ਹਨ ਅਤੇ ਦੂਜੇ ਪਾਸੇ ਵਿਰਲੀ ਆਬਾਦੀ ਵਾਲੇ ਰਾਜਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਨਹੀਂ ਵਧ ਰਹੀ। ਹੁਣ ਕੈਨੇਡਾ ਸਰਕਾਰ ਦੀ ਨਵੀਂ ਨੀਤੀ ਅਧੀਨ ਭਾਰਤੀ ਵਿਦਿਆਰਥੀਆਂ ਲਈ ਮਨਪਸੰਦ ਸੂਬੇ ‘ਚ ਜਾਣ ਦਾ ਰਾਹ ਮੁਸ਼ਕਲ ਹੋ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment