ਕੈਨੇਡਾ ‘ਚ ਲਗਾਤਾਰ ਵੱਧ ਰਹੀ ਪਨਾਹ ਮੰਗਣ ਵਾਲਿਆਂ ਦੀ ਗਿਣਤੀ

Global Team
2 Min Read

ਹੈਲੀਫੈਕਸ: ਕੈਨੇਡਾ ‘ਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਦੌਰਾਨ ਪਨਾਹ ਦੇ 7,280 ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਹ ਅੰਕੜਾ ਪਿਛਲੇ ਪੰਜ ਮਹੀਨੇ ਦੀ ਔਸਤ ਤੋਂ ਕਿਤੇ ਵੱਧ ਬਣਦਾ ਹੈ। 2021 ‘ਚ ਹਰ ਮਹੀਨੇ ਔਸਤਨ 1100 ਰਫਿਊਜੀਆਂ ਦੀਆਂ ਫਾਈਲਾਂ ਨਿਪਟਾਈਆਂ ਗਈ ਅਤੇ 2022 ਦੌਰਾਨ ਇਹ ਅੰਕੜਾ ਵਧ ਕੇ 3,600 ਹੋ ਗਿਆ। ਇਸ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੰਗ, ਸਿਆਸੀ ਅਸਥਿਰਤਾ, ਆਜ਼ਾਦੀ ‘ਤੇ ਡਾਕਾ, ਜਾਨ ਦਾ ਡਰ, ਗਿਰੋਹ ਹਿੰਸਾ ਅਤੇ ਘਰੇਲੂ ਹਿੰਸਾ ਵਰਗੇ ਕਈ ਕਾਰਨ ਲੋਕਾਂ ਨੂੰ ਆਪਣਾ ਜੱਦੀ ਇਲਾਕਾ ਛੱਡਣ ਲਈ ਮਜਬੂਰ ਕਰ ਰਹੇ ਹਨ।

ਸਿਰਫ ਇਥੇ ਹੀ ਬੱਸ ਨਹੀ ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਉਣ ਵਾਲੇ ਲੋਕ ਵੀ ਪਨਾਹ ਦਾ ਦਾਅਵਾ ਕਰ ਦਿੰਦੇ ਹਨ। ਭਾਵੇਂ ਰੋਕਸਮ ਰੋਡ ਤੋਂ ਆਉਣ ਵਾਲਿਆਂ ਦੀ ਗਿਣਤੀ ਤਕਰੀਬਨ ਸਿਫਰ ਹੋ ਚੁੱਕੀ ਹੈ ਪਰ ਹੁਣ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਨਾਰਥੀ ਪੁੱਜ ਰਹੇ ਹਨ।

ਇੰਮੀਗ੍ਰੇਸ਼ਨ ਮਾਹਰ ਅਲ ਪਰਸਾਈ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਹਾਲ ਹੀ ਵਿਚ ਉਨ੍ਹਾਂ ਵਿਦੇਸ਼ੀਆਂ ਲਈ ਵੀਜ਼ਾ ਸ਼ਰਤ ਖਤਮ ਕਰਨ ਦਾ ਫੈਸਲਾ ਲਿਆ ਗਿਆ ਜੋ ਪਿਛਲੀ ਵਾਰ ਵੀਜ਼ਾ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਚਲੇ ਗਏ। ਭਾਵੇਂ ਇਹ ਕਦਮ ਵੀਜ਼ਾ ਅਰਜ਼ੀਆਂ ਦਾ ਬੈਕਲਾਗ ਘਟਾਉਣ ਲਈ ਕੀਤਾ ਗਿਆ ਹੈ ਪਰ ਇਸ ਦੇ ਗੁੰਝਲਦਾਰ ਸਿੱਟੇ ਵੀ ਸਾਹਮਣੇ ਆਉਣਗੇ।

ਇਸੇ ਦੌਰਾਨ ਕਿਊਬੈਕ ਦੀ ਇੰਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੌਕਸਮ ਰੋਡ ਬੰਦ ਹੋਣ ਦੇ ਬਾਵਜੂਦ ਸੂਬੇ ਨੂੰ ਰਾਹਤ ਨਹੀਂ ਮਿਲੀ। ਹੁਣ ਨਿਊ ਯਾਰਕ ਤੋਂ ਹਵਾਈ ਜਹਾਜ਼ ਚੜ ਕੇ ਵੱਡੀ ਗਿਣਤੀ ਵਿਚ ਸ਼ਰਨਾਰਥੀ ਕਿਊਬੈਕ ਪੁੱਜ ਰਹੇ ਹਨ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਿਰਫ ਕਿਊਬੈਕ ਦੇ ਹਵਾਈ ਅੱਡਿਆਂ ਰਾਹੀ ਪਨਾਹ ਮੰਗਣ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ।

Share This Article
Leave a Comment