ਕੈਨੇਡਾ ਤੋਂ ਪਰਤੇ 24 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਅੰਮ੍ਰਿਤਸਰ: ਕੈਨੇਡਾ ਤੋਂ ਪਰਤੇ 24 ਸਾਲਾ ਨੌਜਵਾਨ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਸੁਖਮਨਪ੍ਰੀਤ ਸਿੰਘ ਵੱਜੋਂ ਹੋਈ ਹੈ ਤੇ ਉਹ ਕੁੱਝ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬਿਆਸ ਥਾਣੇ ਦੇ ਅਧੀਨ ਆਉਂਦੇ ਪਿੰਡ ਨੌਰੰਗਪੁਰ ਦੀ ਹੈ ਜਿੱਥੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਥਾਣਾ ਬਿਆਸ ਦੀ ਪੁਲਿਸ ਨੇ ਸੁਖਮਨ ਦਾ ਮ੍ਰਿਤਕ ਸਰੀਰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਸੁਖਮਨ ਪ੍ਰੀਤ ਸਿੰਘ ਐਤਵਾਰ ਦੇਰ ਰਾਤ ਇੱਕ ਵਜੇ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਘਰ ਪਰਤ ਰਿਹਾ ਸੀ। ਉਹ ਘਰ ਦੇ ਨੇੜੇ ਹੀ ਪਹੁੰਚ ਗਿਆ ਸੀ ਕਿ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਨੂੰ ਸਾਹਮਣਿਓਂ ਤਿੰਨ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ।

ਉੱਧਰ ਗੋਲੀਆਂ ਦੀ ਆਵਾਜ਼ ਸੁਣ ਕੇ ਸੁਖਮਨ ਪ੍ਰੀਤ ਦਾ ਪਰਿਵਾਰ ਬਾਹਰ ਆਇਆ ਤਾਂ ਉਨ੍ਹਾਂ ਨੇ ਵੇਖਿਆ ਕਿ ਘਰ ਦੇ ਬਾਹਰ ਹਰਮਨ ਪ੍ਰੀਤ ਖੂਨ ਨਾਲ ਲਥਪਥ ਜ਼ਖਮੀ ਹਾਲਤ ‘ਚ ਪਿਆ ਸੀ। ਪਰਿਵਾਰ ਨੇ ਉਸਨੂੰ ਤੁਰੰਤ ਬਿਆਸ ਸਥਿਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ।

ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਸੁਰਿੰਦਰ ਸਿੰਘ, ਡੀਐਸਪੀ ਬਾਬਾ ਬਕਾਲਾ ਹਰਿਕਿਸ਼ਨ ਅਤੇ ਥਾਣਾ ਮੁਖੀ ਕਿਰਨਦੀਪ ਸਿੰਘ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਸੁਖਮਨਪ੍ਰੀਤ ਦੇ ਕਤਲ ਦਾ ਕਾਰਨ ਨਿੱਜੀ ਰੰਜਿਸ਼ ਲੱਗ ਰਿਹਾ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।

- Advertisement -

Share this Article
Leave a comment