ਟੋਰਾਂਟੋ: ਕੈਨੇਡਾ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨਾਮਜ਼ਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸ਼ੂਟਰ ਅਭਿਜੀਤ ਕਿੰਗਰਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਵਿਅਕਤੀ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਕਿੰਗਰਾ ਨੇ ਦਲੀਲ ਦਿੱਤੀ ਕਿ ਜੇ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਕਿੰਗਰਾ ਪਿਛਲੇ ਇੱਕ ਸਾਲ ਤੋਂ ਕੈਨੇਡਾ ਦੀ ਜੇਲ੍ਹ ਵਿੱਚ ਬੰਦ ਹੈ। ਉਸ ’ਤੇ ਏਪੀ ਢਿੱਲੋਂ ਦੇ ਮਾਮਲੇ ਤੋਂ ਇਲਾਵਾ ਰੰਗਦਾਰੀ ਅਤੇ ਹੋਰ ਹਿੰਸਕ ਘਟਨਾਵਾਂ ਨਾਲ ਜੁੜੇ ਦੋਸ਼ ਵੀ ਹਨ। ਰਿਫਿਊਜੀ ਬੋਰਡ ਨੇ 15 ਜੂਨ ਨੂੰ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ।
ਸੁਣਵਾਈ ਦੌਰਾਨ ਕਿੰਗਰਾ ਨੇ ਕਿਹਾ ਕਿ ਉਸ ਨੂੰ ਏਪੀ ਢਿੱਲੋਂ ਦੇ ਘਰ ਫਾਇਰਿੰਗ ਕਰਨ ਲਈ 4,000 ਕੈਨੇਡੀਅਨ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਉਸ ਦੇ ਅਨੁਸਾਰ ਇਹ ਪੇਸ਼ਕਸ਼ ਉਸ ਦੇ ਇੱਕ ਸਾਥੀ ਵੱਲੋਂ ਕੀਤੀ ਗਈ ਸੀ।
ਜਾਂਚ ਮੁਤਾਬਕ ਅਭਿਜੀਤ ਕਿੰਗਰਾ ਪੜ੍ਹਾਈ ਲਈ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉੱਥੇ ਜਾ ਕੇ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਆਇਆ ਅਤੇ ਬਾਅਦ ਵਿੱਚ ਗੈਂਗ ਨਾਲ ਜੁੜ ਗਿਆ। ਉਸ ’ਤੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਤੋਂ ਰੰਗਦਾਰੀ ਮੰਗਣ ਅਤੇ ਫਾਇਰਿੰਗ ਦੇ ਕਈ ਮਾਮਲੇ ਦਰਜ ਹਨ ਅਤੇ ਉਸ ਨੂੰ 6 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ।
2 ਸਤੰਬਰ 2024 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਸਥਿਤ ਏਪੀ ਢਿੱਲੋਂ ਦੇ ਘਰ ’ਤੇ ਹਮਲਾ ਕੀਤਾ ਗਿਆ ਸੀ। ਰਾਤ ਸਮੇਂ ਦੋ ਵਿਅਕਤੀ ਉੱਥੇ ਪਹੁੰਚੇ। ਦੋਸ਼ ਹੈ ਕਿ ਕਿੰਗਰਾ ਨੇ ਘਰ ਵੱਲ 14 ਗੋਲੀਆਂ ਚਲਾਈਆਂ ਜਦਕਿ ਉਸ ਦੇ ਸਾਥੀ ਨੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ।
ਕਿੰਗਰਾ ਨੇ ਇਹ ਵੀ ਮੰਨਿਆ ਕਿ ਉਸ ਨੇ ਘਟਨਾ ਦੀ ਵੀਡੀਓ ਆਪਣੇ ਫੋਨ ਨਾਲ ਬਣਾਈ ਸੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵੀ ਸਾਹਮਣੇ ਆਈ। ਜਾਂਚ ਏਜੰਸੀਆਂ ਮੁਤਾਬਕ ਇਹ ਵੀਡੀਓ ਉਸ ਖ਼ਿਲਾਫ਼ ਇੱਕ ਅਹਿਮ ਸਬੂਤ ਬਣੀ।
ਸੁਣਵਾਈ ਦੌਰਾਨ ਕਿੰਗਰਾ ਨੇ ਆਪਣੇ ਆਪ ਨੂੰ ਗਲਤ ਰਾਹ ’ਤੇ ਪਾਇਆ ਹੋਇਆ ਵਿਅਕਤੀ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਮਦਦ ਲਈ ਪੈਸੇ ਕਮਾਉਣਾ ਚਾਹੁੰਦਾ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਾਪਸ ਭੇਜੇ ਜਾਣ ’ਤੇ ਉਸ ਦੀ ਹੱਤਿਆ ਹੋ ਸਕਦੀ ਹੈ।
ਹਾਲਾਂਕਿ ਬੋਰਡ ਨੇ ਕਿਹਾ ਕਿ ਉਸ ਨੇ ਆਪਣੀ ਜਾਨ ਨੂੰ ਖਤਰੇ ਬਾਰੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ। ਇਸ ਲਈ ਉਸ ਦੀ ਅਪੀਲ ਰੱਦ ਕਰ ਦਿੱਤੀ ਗਈ ਅਤੇ ਡਿਪੋਰਟ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ।

