ਓਟਾਵਾ: ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਹਾਲ ਦੀ ਘੜੀ ਫੈਡਰਲ ਚੋਣਾਂ ਕਰਵਾਉਣਾ ਸਹੀ ਰਹੇਗਾ। ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਚੋਣਾਂ ਕਰਵਾਉਣ ਤੋਂ ਪਹਿਲਾਂ ਕੈਨੇਡਾ ਨੂੰ ਮਹਾਂਮਾਰੀ ਮੁੱਕਣ ਤੱਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਮਹਾਂਮਾਰੀ ਉੱਤੇ ਕਾਬੂ ਪਾਉਣ ਦੀ ਕਗਾਰ ਉੱਤੇ ਹਾਂ ਤੇ ਹੁਣ ਜਦੋਂ ਸਾਡੀ ਸਥਿਤੀ ਕਾਫੀ ਸਕਾਰਾਤਮਕ ਹੈ ਤਾਂ ਅਸੀਂ ਵੱਡੇ-ਵੱਡੇ ਇੱਕਠ ਕਰਕੇ ਸਾਰੇ ਕੈਨੇਡੀਅਨਜ਼ ਲਈ ਨਵਾਂ ਖਤਰਾ ਨਹੀਂ ਖੜ੍ਹਾ ਕਰ ਸਕਦੇ।
ਇਸ ਦਾ ਸਾਡੀ ਜਮਹੂਰੀਅਤ ਉੱਤੇ ਡੂੰਘਾ ਅਸਰ ਪਵੇਗਾ। ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਮਹਾਂਮਾਰੀ ਦੌਰਾਨ ਪ੍ਰੋਵਿੰਸ਼ੀਅਲ ਚੋਣਾਂ ਹੋਈਆਂ ਤਾਂ ਕਈ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਮਹਾਂਮਾਰੀ ਉੱਤੇ ਪੂਰੀ ਤਰ੍ਹਾਂ ਕਾਬੂ ਪਾਏ ਬਿਨਾਂ ਸਾਨੂੰ ਫੈਡਰਲ ਚੋਣਾਂ ਬਾਰੇ ਅਜੇ ਸੋਚਣਾ ਵੀ ਨਹੀਂ ਚਾਹੀਦਾ।