ਲਗਾਤਾਰ ਆਰਥਿਕ ਮੰਦੀ ਵੱਲ ਵਧ ਰਿਹੈ ਕੈਨੇਡਾ

Prabhjot Kaur
2 Min Read

ਟੋਰਾਂਟੋ: ਕੈਨੇਡਾ ਲਗਾਤਾਰ ਆਰਥਿਕ ਮੰਦੀ ਵੱਲ ਵਧਦਾ ਜਾ ਰਿਹਾ ਹੈ। ਸੰਭਾਵਤ ਤੌਰ ‘ਤੇ ਆਰਥਿਕ ਮੰਦੀ ਦੇ ਪਹਿਲੇ ਪੜਾਅ ਵਿਚ ਦਾਖਲ ਹੋ ਚੁੱਕਾ ਹੈ। ਅਕਤੂਬਰ ਵਿਚ ਮੁਲਕ ਦਾ ਜੀ.ਡੀ.ਪੀ. 0.1 ਫ਼ੀ ਸਦੀ ਵਧਿਆ ਜਦਕਿ ਨਵੰਬਰ ‘ਚ ਇਹ ਅੰਕੜਾ ਵੀ ਹਾਸਲ ਨਹੀਂ ਹੋ ਸਕਿਆ। ਸਰਵਿਸ ਸੈਕਟਰ ਲਗਾਤਾਰ ਛੇ ਮਹੀਨੇ ਤੋਂ ਅੱਗੇ ਵਧ ਰਿਹਾ ਹੈ ਪਰ ਗੁਡਜ਼ ਸੈਕਟਰ ‘ਚ ਬਿਲਕੁਲ ਉਲਟੇ ਹਾਲਾਤ ਨਜ਼ਰ ਆ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਤੇਲ ਅਤੇ ਗੈਸ ਸੈਕਟਰ ਦੇ ਉਤਪਾਦਨ ‘ਚ 2 ਫ਼ੀਸਦੀ ਕਮੀ ਆਈ ਜਦਕਿ ਮੈਨੂਫੈਕਚਰਿੰਗ ਸੈਕਟਰ 0.7 ਫ਼ੀਸਦੀ ਘਟ ਗਿਆ।

ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਨਵੇਂ ਸਾਲ ਦੌਰਾਨ ਹਾਲਾਤ ਹੋਰ ਮਾੜੇ ਹੋਣ ਵੱਲ ਇਸ਼ਾਰਾ ਕਰ ਰਹੇ ਹਨ। ਆਰਥਿਕ ਮੋਰਚੇ ‘ਤੇ ਕੁਝ ਚੰਗੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਮਿਸਾਲ ਵਜੋਂ ਹੋਲਸੇਲ ਸੈਕਟਰ 1.3 ਫ਼ੀਸਦੀ ਵਧਿਆ ਅਤੇ ਪਬਲਿਕ ਸੈਕਟਰ ‘ਚ 0.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਹੋਟਲ ਅਤੇ ਰੈਸਟੋਰੈਂਟਸ ਨਾਲ ਸਬੰਧਤ ਸੈਕਟਰ ‘ਚ ਵੀ ਇੱਕ ਫ਼ੀਸਦੀ ਵਾਧਾ ਹੋਇਆ ਜੋ ਲਗਾਤਾਰ ਤੀਜੇ ਮਹੀਨੇ ਰਫ਼ਤਾਰ ਕਾਇਮ ਰੱਖਣ ‘ਚ ਸਫ਼ਲ ਰਿਹਾ।

ਸਰਵਿਸ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਪਰਫੌਰਮਿੰਗ ਆਰਟਸ ਅਤੇ ਖੇਡਾਂ ਨਾਲ ਸਬੰਧਤ ਸਰਗਰਮੀਆਂ ਦੇ ਸਿਰ ‘ਤੇ ਇਸ ਖੇਤਰ ਨੇ 4.7 ਫ਼ੀਸਦੀ ਵਾਧਾ ਦਰ ਹਾਸਲ ਕੀਤੀ ਪਰ ਹਾਲਾਤ ਸਹੀ ਨਹੀਂ ਮੰਨੇ ਜਾ ਰਹੇ। ਇੱਕ ਰਿਪੋਰਟ ਮੁਤਾਬਕ ਬੈਂਕ ਆਫ਼ ਮੈਂਟਰੀਅਲ ਦੇ ਇਕੋਨੋਮਿਸਟ ਰੌਬਰਟ ਕਾਵਚਿਕ ਨੇ ਕਿਹਾ ਕਿ ਅਕਤੂਬਰ ‘ਚ ਆਰਥਿਕ ਵਿਕਾਸ ਦਰ 0.1 ਫ਼ੀਸਦੀ ਤੋਂ ਉਪਰ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਨਵੰਬਰ ਦੌਰਾਨ ਰਫ਼ਤਾਰ ਬਿਲਕੁਲ ਠੱਪ ਹੋ ਗਈ। ਜੋ ਹਾਲਾਤ ਦੀ ਡੂੰਘਾਈ ‘ਚ ਜਾ ਕੇ ਦੇਖਿਆ ਜਾਵੇ ਤਾਂ ਮੈਨੂਫੈਕਚਰਿੰਗ ਅਤੇ ਕੰਸਟ੍ਰਕਸ਼ਨ ਸੈਕਟਰਾਂ ‘ਚ ਛੇ ਮਹੀਨੇ ਤੋਂ ਹਾਲਾਤ ਸੁਖਾਵੇਂ ਨਹੀਂ ਚੱਲ ਰਹੇ। ਹਾਲਾਂਕਿ ਸਰਵਿਸ ਸੈਕਟਰ ਦੀ ਕਹਾਣੀ ਬਿਲਕੁਲ ਵੱਖਰੀ ਹੈ ਅਤੇ ਇਹ ਬਾਕੀਆਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਅੱਗੇ ਵਧ ਰਿਹਾ ਹੈ।

ਦੱਸਣਯੋਗ ਹੈ ਕਿ ਸਤੰਬਰ ਵਿਚ ਕੈਨੇਡਾ ਦੀ ਆਰਥਿਕ ਵਿਕਾਸ ਦਰ 0.2 ਫ਼ੀ ਸਦੀ ਦਰਜ ਕੀਤੀ ਗਈ ਅਤੇ ਇਸ ਮਗਰੋਂ ਲਗਾਤਾਰ ਕਮੀ ਆ ਰਹੀ ਹੈ। ਪਿਛਲੇ ਸਮੇਂ ਦੌਰਾਨ ਹਾਕੀ ਦੇ ਮੈਚਾਂ ਕਾਰਨ ਆਰਥਿਕਤਾ ਨੂੰ ਹੁਲਾਰਾ ਮਿਲਿਆ ਜਿਨ੍ਹਾਂ ਨੂੰ ਦੇਖਣ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ।

- Advertisement -

Share this Article
Leave a comment