ਹੁਣ ਕੈਨੇਡਾ ‘ਚ ਆਸਾਨੀ ਨਾਲ ਘਰ ਖਰੀਦ ਸਕਣਗੇ ਪਰਵਾਸੀ, ਸਰਕਾਰ ਨੇ ਦਿੱਤੀ ਬੰਦਿਸ਼ਾਂ ‘ਚ ਢਿੱਲ

Prabhjot Kaur
2 Min Read

ਓਟਵਾ: ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਦੇ ਘਰ ਖਰੀਦਣ ‘ਤੇ ਲੱਗੀਆਂ ਬੰਦਿਸ਼ਾਂ ‘ਚ ਢਿੱਲ ਦਿੱਤੀ ਗਈ ਹੈ ਜਿਸ ਤਹਿਤ ਵਰਕ ਪਰਮਿਟ ਵਾਲੇ ਰਿਹਾਇਸ਼ੀ ਜਾਇਦਾਦ ਖਰੀਦ ਸਕਣਗੇ ਪਰ ਉਨ੍ਹਾਂ ਨੂੰ ਸਿਰਫ਼ ਇੱਕ ਪ੍ਰਾਪਰਟੀ ਖਰੀਦਣ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਦੇਸ਼ੀ ਕਾਰੋਬਾਰੀਆਂ ਨੂੰ ਵੀ ਰਿਹਾਇਸ਼ੀ ਜਾਇਦਾਦ ਖਰੀਦਣ ਦਾ ਹੱਕ ਦਿੱਤਾ ਗਿਆ ਹੈ।

ਹਾਊਸਿੰਗ ਮੰਤਰੀ ਅਹਿਮਦ ਹੁਸੈਨ ਨੇ ਤਾਜ਼ਾ ਤਬਦੀਲੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ ਵਿਚ ਮਕਾਨ ਖਰੀਦ ਸਕਦਾ ਹੈ, ਬਾਸ਼ਰਤੇ ਉਸ ਦੇ ਵਰਕ ਪਰਮਿਟ ਵਿੱਚ ਘੱਟੋਂ-ਘੱਟ 183 ਦਿਨ ਬਾਕੀ ਹੋਣ। ਗੈਰ ਕੈਨੇਡੀਅਨ ਅਤੇ ਵਿਦੇਸ਼ੀ ਕਾਰੋਬਾਰੀਆਂ ਨੂੰ ਰਿਹਾਇਸ਼ੀ ਜਾਂ ਮਿਸ਼ਰਤ ਵਰਤੋਂ ਲਈ ਜ਼ੋਨ ਕੀਤੀ ਖਾਲੀ ਜ਼ਮੀਨ ਖਰੀਦਣ ਦਾ ਹੱਕ ਦੇ ਦਿੱਤਾ ਗਿਆ ਹੈ ਜੋ ਇਸ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੇ ਹੋਣ।

ਇਥੇ ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਮਕਾਨਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਦੇਖਦਿਆਂ ਵਿਦੇਸ਼ੀ ਨਾਗਰਿਕਾਂ ਦੇ ਮਕਾਨ ਖਰੀਦਣ ‘ਤੇ ਪਾਬੰਦੀ ਲਗਾਉਂਦਾ ਕਾਨੂੰਨ ਪਾਸ ਕਰ ਦਿੱਤਾ ਸੀ ਜੋ ਇਸ ਸਾਲ ਦੇ ਸ਼ੁਰੂ ‘ਚ ਲਾਗੂ ਹੋ ਗਿਆ। ਹੁਣ ਮਕਾਨਾਂ ਦੀਆਂ ਕੀਮਤਾਂ ਅਤੇ ਵਿਕਰੀ ‘ਚ ਆਈ ਕਮੀ ਨੂੰ ਵੇਖਦਿਆਂ ਫੈਡਰਲ ਸਰਕਾਰ ਨੇ 2 ਸਾਲ ਦੀ ਪਾਬੰਦੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਢਿੱਲ ਦੇਣ ਦਾ ਇਰਾਦਾ ਕਰ ਲਿਆ। ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਇੱਕ ਬਿਆਨ ਮੁਤਾਬਕ ਇਹ ਤਬਦੀਲੀਆਂ ਤੁਰੰਤ ਲਾਗੂ ਹੋ ਚੁੱਕੀਆਂ ਹਨ ਅਤੇ ਜੇ ਵਰਕ ਪਰਮਿਟ ਵਾਲੇ ਚਾਹੁਣ ਤਾਂ ਘਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਉੱਧਰ ਅਹਿਮਦ ਹੁਸੈਨ ਨੇ ਕਿਹਾ ਕਿ ਨਵੇਂ ਆਉਣ ਵਾਲੇ ਪ੍ਰਵਾਸੀਆਂ ਲਈ ਸ਼ਹਿਰਾਂ ਵਿਚ ਮੁਹੱਈਆ ਰਿਹਾਇਸ਼ੀ ਇਕਾਈਆਂ ਦੀ ਗਿਣਤੀ ਵਧਾਉਣ ਅਤੇ ਲੋਕਾਂ ਨੂੰ ਕੈਨੇਡਾ ਵਿਚ ਆਪਣਾ ਘਰ ਬਣਾ ਕੇ ਆਪਣੀਆਂ ਜੜਾਂ ਲਾਉਣ ‘ਚ ਮਦਦ ਕਰਨ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment