ਓਟਵਾ: ਭਾਰਤੀ ਪ੍ਰਸ਼ਾਂਤ ਖੇਤਰ ਵਿੱਚ ਚੀਨੀ ਅਤੇ ਰੂਸੀ ਫ਼ੌਜਾਂ ਨਾਲ ਜੰਗ ਦੇ ਖ਼ਤਰੇ ਵਿਚਾਲੇ ਕੈਨੇਡਾ ਹੁਣ ਅਮਰੀਕਾ ਤੋਂ ਸਭ ਤੋਂ ਖਤਰਨਾਕ ਐੱਫ-35 ਲੜਾਕੂ ਜਹਾਜ਼ ਦੀ ਡੀਲ ਕਰਨ ਜਾ ਰਿਹਾ ਹੈ। ਕੈਨੇਡੀਅਨ ਏਅਰ ਫੋਰਸ 88 F-35 ਫਾਈਟਰ ਜੈੱਟ ਖਰੀਦਣ ਜਾ ਰਹੀ ਹੈ। ਕੈਨੇਡੀਅਨ ਏਅਰ ਫੋਰਸ ਆਪਣੇ ਜੰਗੀ ਬੇੜੇ ਨੂੰ ਅਪਗ੍ਰੇਡ ਕਰਨ ਜਾ ਰਹੀ ਹੈ ਜੋ ਹੁਣ ਕਾਫੀ ਪੁਰਾਣਾ ਹੋ ਚੁੱਕਿਆ ਹੈ। ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਇਹ ਪੂਰਾ ਸੌਦਾ 14.2 ਅਰਬ ਡਾਲਰ ਦਾ ਹੋਵੇਗਾ। ਇਹ ਕੈਨੇਡੀਅਨ ਏਅਰ ਫੋਰਸ ਵੱਲੋਂ ਪਿਛਲੇ 30 ਸਾਲਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੋਣ ਜਾ ਰਿਹਾ ਹੈ।
ਭਾਰਤੀ ਮੂਲ ਦੀ ਅਨੀਤਾ ਆਨੰਦ ਨੇ ਕਿਹਾ, ‘ਯੂਕਰੇਨ ‘ਤੇ ਰੂਸ ਦੇ ਗੈਰ-ਕਾਨੂੰਨੀ ਅਤੇ ਬਿਨਾਂ ਕਿਸੇ ਕਾਰਨ ਦੇ ਹਮਲੇ ਅਤੇ ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਲਗਾਤਾਰ ਹਮਲਾਵਰ ਵਿਵਹਾਰ ਕਾਰਨ ਸਾਡੀ ਦੁਨੀਆ ਸੰਕਟ ਵੱਲ ਵਧ ਰਹੀ ਹੈ। ਇਹ ਪ੍ਰੋਜੈਕਟ ਖਾਸ ਕਰਕੇ ਸਾਡੇ ਭਾਈਵਾਲ ਦੇਸ਼ਾਂ ਦੀ ਆਪਸੀ ਨਿਰਭਰਤਾ ਨੂੰ ਦੇਖਦੇ ਹੋਏ ਬਹੁਤ ਮਹੱਤਵਪੂਰਨ ਹੈ।’ ਇਹ ਐਲਾਨ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਵਾਲੇ ਹਨ।
ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੇ ਇੱਕ ਨਜ਼ਦੀਕੀ ਰੱਖਿਆ ਸਬੰਧ ਰਹੇ ਹਨ। ਕੈਨੇਡਾ ਆਪਣੀ ਸੁਰੱਖਿਆ ਲਈ ਅਮਰੀਕਾ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਕੈਨੇਡਾ ਲੰਬੇ ਸਮੇਂ ਤੋਂ ਆਪਣੇ ਪੁਰਾਣੇ CF-18 ਲੜਾਕੂ ਜਹਾਜ਼ਾਂ ਨੂੰ ਬਦਲਣਾ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਲੜਾਕੂ ਜਹਾਜ਼ 40 ਸਾਲ ਪੁਰਾਣੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਨੂੰ ਸਾਲ 2026 ਤੱਕ ਪਹਿਲਾ ਐੱਫ-35 ਲੜਾਕੂ ਜਹਾਜ਼ ਮਿਲੇਗਾ। 2032 ਤੋਂ 2034 ਤੱਕ ਕੈਨੇਡਾ ਨੂੰ ਸਾਰੇ ਜਹਾਜ਼ ਮਿਲ ਜਾਣਗੇ। ਡੀਲ ਮੁਤਾਬਕ ਇਕ ਲੜਾਕੂ ਜਹਾਜ਼ ਕੈਨੇਡਾ ਨੂੰ 8 ਕਰੋੜ 50 ਲੱਖ ਡਾਲਰ ਦਾ ਪਵੇਗਾ।