ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਸੁਤੰਤਰਤਾ ਦਿਵਸ ਮੌਕੇ ‘ਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਭਾਰਤ ਦੇ ਨਾਲ ਲੰਬੀ ਦੋਸਤੀ ਹੈ ਅਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਇੱਕ ਵਿਆਪਕ ਰਣਨੀਤੀ ਸਾਂਝੇਦਾਰੀ ਦੇ ਲਈ ਦੁਵੱਲੇ ਸਬੰਧਾਂ ‘ਤੇ ਰੋਸ਼ਨੀ ਪਾਈ। ਮੌਰਿਸਨ ਨੇ ਅਪਣੇ ਸੰਦੇਸ਼ ‘ਚ ਕਿਹਾ ਕਿ ਸਾਡੀ ਸਾਂਝੇਦਾਰੀ ਸਾਡੇ ਖੇਤਰ ਅਤੇ ਕੌਮਾਂਤਰੀ ਭਾਈਚਾਰੇ ਦੇ ਲਈ ਵਧੀਆ ਹੈ। ਇਹ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਕੋਵਿਡ-19 ਮਹਾਮਾਰੀ ਦੇ ਚਲਦਿਆਂ ਦੋਵੇਂ ਦੇਸ਼ ਅਪਣੇ ਸਿਹਤ, ਸਮਾਜਕ ਅਤੇ ਆਰਥਿਕ ਪ੍ਰਭਾਵਾਂ ਨੂੰ ਦੂਰ ਕਰਨ ਦੇ ਲਈ ਕੰਮ ਕਰ ਰਹੇ ਹਨ।
ਇਸ ਦੇ ਨਾਲ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਦੀ ਦੋਸਤੀ ਵਪਾਰ ਅਤੇ ਕੂਟਨੀਤੀ ਤੋਂ ਉਪਰ ਹੈ। ਇਹ ਦੋਸਤੀ ਭਰੋਸੇ ਅਤੇ ਸਨਮਾਨ ‘ਤੇ ਟਿਕੀ ਹੈ। ਭਾਰਤ ਸਾਡੇ ਲਈ ਪਰਵਾਸੀਆਂ ਦਾ ਸਭ ਤੋਂ ਵੱਡਾ ਸਰੋਤ ਹੈ, ਇਨ੍ਹਾਂ ਪਰਵਾਸੀਆਂ ਦੀ ਉਪਲਬਧਤਾ ਨਾਲ ਆਸਟ੍ਰੇਲੀਆ ਨੂੰ ਸਭ ਤੋਂ ਸ਼ਕਤੀਸ਼ਾਲੀ ਬਹੁਸੱਭਿਆਚਾਰਕ ਰਾਸ਼ਟਰ ਬਣਾਉਣ ਵਿਚ ਯੋਗਦਾਨ ਦਿੱਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੂਨ ਵਿਚ ਭਾਰਤ ਦੌਰੇ ‘ਤੇ ਨਹੀਂ ਆ ਸਕੇ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਰਚੁਅਲ ਬੈਠਕ ਕੀਤੀ ਸੀ।