ਸਿੰਗਾਪੁਰ ‘ਚ ਜਾਨਵਰਾਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

Rajneet Kaur
2 Min Read

ਸਿੰਗਾਪੁਰ: ਭਾਰਤੀ ਮੂਲ ਦੇ 36 ਸਾਲਾ ਮਲੇਸ਼ੀਆਈ ਵਿਅਕਤੀ ਨੂੰ 26 ਕਤੂਰੇ ਅਤੇ ਇਕ ਬਿੱਲੀ ਦੀ ਤਸਕਰੀ ਕਰਨ ਦੇ ਦੋਸ਼ ‘ਚ ਇਕ ਸਾਲ ਦੀ  ਸਜ਼ਾ ਸੁਣਾਈ ਗਈ ਹੈ।  ਇੰਨ੍ਹਾਂ ਜਾਨਵਰਾਂ ‘ਚੋਂ  19 ਦੀ ਮੌਤ ਹੋ ਗਈ ਸੀ। ਨੈਸ਼ਨਲ ਪਾਰਕਸ ਬੋਰਡ (ਈਪਾਰਕਸ) ਨੇ ਇਸ ਮਾਮਲੇ ਨੂੰ “ਜਾਨਵਰਾਂ ਦੀ ਤਸਕਰੀ ਦੇ ਹੁਣ ਤੱਕ ਦੇ ਸਭ ਤੋਂ ਗੰਭੀਰ ਮਾਮਲਿਆਂ ਵਿਚੋਂ ਇਕ ਮੰਨਿਆ ਹੈ।ਉਨ੍ਹਾਂ ਕਿਹਾ ਕਿ  ਇਕ ਕਤੂਰੇ ਦੀ ਮੌਤ ਹੋ ਗਈ ਅਤੇ ਕੈਨਾਈਲ ਪਰਵੋਵਾਇਰਸ ਸੰਕਰਮਣ ਦੇ ਚਲਦਿਆਂ ਬਾਅਦ ਵਿਚ ਹੋਰ 18 ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਗੋਬੀਸੁਵਰਨ ਪਰਮਨ ਸਿਵਨ ਨੂੰ ਬਿਨਾਂ ਲਾਇਸੈਂਸ ਦੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਪਾਲਤੂ ਜਾਨਵਰਾਂ ਦੀ ਦਰਾਮਦ ਕਰਨ ਅਤੇ ਇਸ ਪ੍ਰਕਿਰਿਆ ਵਿਚ ਇਨ੍ਹਾਂ ਜਾਨਵਰਾਂ ਨੂੰ ਬੇਲੋੜੀ ਤਕਲੀਫ ਦੇਣ ਦੇ 20 ਦੋਸ਼ਾਂ ਲਈ ਦੋਸ਼ੀ ਮੰਨਿਆ ਹੈ।ਸਿਵਨ 18 ਅਕਤੂਬਰ 2022 ਨੂੰ 26 ਕਤੂਰੇ ਅਤੇ ਇਕ ਬਿੱਲੀ ਦੀ ਤਸਕਰੀ ਕਰਕੇ ਉਹਨਾਂ ਨੂੰ ਇਕ ਟਰੱਕ ਵਿਚ ਮਲੇਸ਼ੀਆ ਤੋਂ ਇੱਥੇ ਲੈ ਕੇ ਆਇਆ ਸੀ। ਇਸ ਦੌਰਾਨ ਉਸਨੇ ਇਕ ਡਰਾਈਵਰ ਵਜੋਂ ਕੰਮ ਕੀਤਾ ਸੀ ।

ਸਿਵਾਨ ਨਿਯਮਿਤ ਤੌਰ ‘ਤੇ 2021 ਤੋਂ ਜਾਨਵਰਾਂ, ਜਿਵੇਂ ਕਿ ਕੁੱਤਿਆਂ, ਬਿੱਲੀਆਂ ਅਤੇ ਤੋਤੇ ਦੀ ਤਸਕਰੀ ਕਰ ਰਿਹਾ ਸੀ।  ਰਿਪੋਰਟ ‘ਚ ਦਸਿਆ ਗਿਆ ਕਿ ਬਕਸੇ ਡਰਾਈਵਰ ਅਤੇ ਯਾਤਰੀਆਂ ਦੀਆਂ ਸੀਟਾਂ ਦੇ ਪਿੱਛੇ ਲੁਕੇ ਹੋਏ ਡੱਬਿਆਂ ਵਿਚ ਰੱਖੇ ਗਏ ਸਨ ਅਤੇ ਇਕ ਓਵਰਹੈੱਡ ਡੱਬੇ ਵਿਚ ਰੱਖੇ ਗਏ ਸਨ।

ਜ਼ਿਲ੍ਹਾ ਜੱਜ ਲੋਰੇਨ ਹੋ ਨੇ ਕਿਹਾ, “ਦੋਸ਼ੀ ਨੇ ਜਾਨਵਰਾਂ ਨੂੰ ਇਸ ਤਰੀਕੇ ਨਾਲ ਸੀਮਤ ਕਰਨ ਜਾਂ ਪਹੁੰਚਾਉਣ ਦਾ ਕੰਮ ਕੀਤਾ ਜਿਸ ਨਾਲ ਉਨ੍ਹਾਂ ਨੂੰ ਵਿੱਤੀ ਲਾਭ ਲਈ ਬੇਲੋੜੀ ਤਕਲੀਫ਼ ਝੱਲਣੀ ਪਈ। ਦਸ ਦਈਏ ਕਿ ਸਿੰਗਾਪੁਰ ਵਿੱਚ, ਪਹਿਲੀ ਵਾਰ ਦੇ ਅਪਰਾਧੀਆਂ ਨੂੰ ਬਿਨਾਂ ਲਾਇਸੈਂਸ ਦੇ ਕਿਸੇ ਜਾਨਵਰ ਜਾਂ ਪੰਛੀ ਨੂੰ ਦਰਾਮਦ ਕਰਦੇ ਫੜੇ ਜਾਣ ‘ਤੇ  10,000 ਡਾਲਰ ਤੱਕ ਦਾ ਜੁਰਮਾਨਾ ਅਤੇ ਇੱਕ ਸਾਲ ਤੱਕ ਦੀ ਜੇਲ੍ਹ, ਜਾਂ ਦੋਵੇਂ ਹੋ ਸਕਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment