ਟਰੂਡੋ ਨੇ ਚਾਈਲਡ ਬੈਨੇਫਿਟ ਯੋਜਨਾ ਅਧੀਨ ਦਿੱਤੀ ਜਾਣ ਵਾਲੀ ਰਕਮ ‘ਚ ਵਾਧੇ ਦਾ ਕੀਤਾ ਐਲਾਨ

TeamGlobalPunjab
2 Min Read

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਚਾਈਲਡ ਬੈਨੇਫਿਟ ਯੋਜਨਾ ਅਧੀਨ ਦਿੱਤੀ ਜਾਣ ਵਾਲੀ ਰਕਮ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜੁਲਾਈ ਮਹੀਨੇ ਤੋਂ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਲਈ 6765 ਡਾਲਰ ਸਲਾਨਾ ਦਿੱਤੇ ਜਾਣਗੇ ਜਦਕਿ 6 ਸਾਲ ਤੋਂ 17 ਸਾਲ ਤੱਕ ਬੱਚਿਆਂ ਵਾਸਤੇ 5708 ਡਾਲਰ ਪ੍ਰਤੀ ਬੱਚਾ ਮਿਲਣਗੇ। ਜਸਟਿਨ ਟਰੂਡੋ ਨੇ ਕਿਹਾ ਕਿ ਬੱਚਿਆਂ ਦੀ ਪਰਵਰਿਸ਼ ਹੁਣ ਖ਼ਰਚੀਲੀ ਹੋ ਗਈ ਹੈ ਜਿਸ ਦੇ ਮੱਦੇਨਜ਼ਰ ਕੈਨੇਡਾ ਚਾਇਲਡ ਬੈਨੇਫਿਟ ਅਧੀਨ ਮਾਪਿਆਂ ਨੂੰ ਦਿਤੀ ਜਾਣ ਵਾਲੀ ਰਕਮ ਵਿਚ ਵਾਧਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮਾਪੇ ਇਸ ਰਕਮ ਦੀ ਵਰਤੋਂ ਆਪਣੀਆਂ ਜ਼ਰੂਰਤਾਂ ਮੁਤਾਬਕ ਕਰ ਸਕਦੇ ਹਨ। ਚਾਹੇ ਉਹ ਇਸ ਰਾਹੀਂ ਗਰੋਸਰੀਜ਼ ਖਰੀਦਣ ਜਾਂ ਫਿਰ ਕੱਪੜੇ ਅਤੇ ਜਾਂ ਫਿਰ ਹੋਰ ਘਰੇਲੂ ਸਮਾਨ। ਕੈਨੇਡਾ ਦੇ ਪਰਿਵਾਰ ਭਲਾਈ ਅਤੇ ਸਮਾਜਿਕ ਵਿਕਾਸ ਮੰਤਰੀ ਅਹਿਮਦ ਹੁਸੈਨ ਨੇ ਇਸ ਬਾਰੇ ਦੱਸਿਆ ਕਿ ਫੇਡਰਲ ਸਰਕਾਰ ਵੱਲੋਂ ਮਾਪਿਆਂ ਦੀ ਜੇਬ ਵਿਚ ਵਾਧੂ ਰਕਮ ਪਾਈ ਜਾ ਰਹੀ ਹੈ ਜਿਨ੍ਹਾਂ ਨੂੰ ਕੋਵਿਡ-19 ਕਾਰਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਣਯੋਗ ਹੈ ਕੀ ਜਸਟਿਨ ਟਰੂਡੋ ਸਰਕਾਰ ਨੇ 2016 ਚ ਟੈਕਸ ਮੁਕਤ ਕੈਨੇਡਾ ਚਾਇਲਡ ਬੈਨੇਫਿਟ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਅਧੀਨ 17 ਸਾਲ ਤੱਕ ਦੇ ਬੱਚਿਆਂ ਦੀ ਪਰਵਰਿਸ਼ ਲਈ ਸਰਕਾਰ ਵੱਲੋਂ ਤੈਅਸ਼ੁਦਾ ਰਕਮ ਮੁਹੱਈਆ ਕਰਵਾਈ ਜਾਂਦੀ ਹੈ। ਜੁਲਾਈ 2020 ਤੋਂ ਜੂਨ 2021 ਤੱਕ ਇਕ ਬੱਚੇ ਵਾਲੇ ਸਿੰਗਲ ਮਾਪੇ ਨੂੰ 126 ਡਾਲਰ ਵਾਧੂ ਮਿਲਣਗੇ ਜਦਕਿ ਮਾਤਾ-ਪਿਤਾ ਅਤੇ 4 ਸਾਲ ਤੇ 9 ਸਾਲ ਦੀ ਉਮਰ ਵਾਲੇ ਦੋ ਬੱਚਿਆਂ ਦੇ ਪਰਿਵਾਰ ਨੂੰ 174 ਡਾਲਰ ਦੀ ਵਾਧੂ ਰਕਮ ਪ੍ਰਾਪਤ ਹੋਵੇਗੀ।

Share this Article
Leave a comment